ਚੰਡੀਗੜ੍ਹ: ਪੰਚਕੂਲਾ ਹਿੰਸਾ ਮਾਮਲੇ 'ਚ ਪੁਲਿਸ ਨੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਸਾਬਕਾ ਇੰਚਾਰਜ ਰਾਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਰਾਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਦਿਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ ਹੈ। ਰਾਮ ਸਿੰਘ ਬੀਤੇ ਸਾਲ 25 ਅਗਸਤ ਨੂੰ ਪੰਚਕੂਲਾ 'ਚ ਹੋਏ ਦੰਗਿਆਂ ਵੇਲੇ ਇੱਥੇ ਹੀ ਮੌਜੂਦ ਸੀ।

ਪੁਲਿਸ ਦਾ ਦਾਅਵਾ ਹੈ ਕਿ ਰਾਮ ਸਿੰਘ ਇਸ ਤੋਂ ਪਹਿਲਾਂ ਜਦੋਂ ਡੇਰੇ ਅੰਦਰ ਦੰਗੇ ਭੜਕਾਉਣ ਦੀ ਸਾਜਿਸ਼ ਰਚਣ ਲਈ ਮੀਟਿੰਗ 'ਚ ਵੀ ਮੌਜੂਦ ਸੀ। ਰਾਮ ਸਿੰਘ ਡੇਰੇ ਦੇ ਪੁਲੀਟੀਕਲ ਵਿੰਗ ਦਾ ਇੰਚਾਰਜ ਰਹਿ ਚੁੱਕਾ ਹੈ। ਪੁਲਿਸ ਨੇ ਉਸ ਨੂੰ ਬਰਨਾਲਾ ਤੋਂ ਕਾਬੂ ਕੀਤਾ ਹੈ।

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ 'ਚ ਦੰਗੇ ਭੜਕੇ ਸਨ। ਪੁਲਿਸ ਇਸ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਕਰ ਚੁੱਕੀ ਹੈ।