ਫਾਜ਼ਿਲਕਾ: ਅੰਡਰ-19 ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚੀ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਦੇ ਜੱਦੀ ਪਿੰਡ ਜੈਮਲ ਵਾਲਾ ਵਿੱਚ ਵਿਆਹ ਵਰਗਾ ਮਾਹੌਲ ਹੈ। ਆਪਣੇ ਪੋਤੇ ਦੀ ਸ਼ਾਨਦਾਰ ਪ੍ਰਾਪਤੀ 'ਤੇ ਸ਼ੁਭਮਨ ਦੇ ਦਾਦਾ-ਦਾਦੀ ਬਹੁਤ ਖੁਸ਼ ਹਨ।

ਸ਼ੁਭਮਨ ਦੇ ਦਾਦਾ ਦੀਦਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੋਤੇ ਨੇ ਜੋ ਦੇਸ਼ ਲਈ ਕਰ ਵਿਖਾਇਆ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਉਹ ਪਾਕਿਸਤਾਨ ਦੀ ਸਰਹੱਦ ਤੋਂ ਸਿਰਫ 10 ਕਿਲੋਮੀਟਰ ਦੂਰ ਹਨ। ਉਨ੍ਹਾਂ ਦੇ ਸ਼ੁਭਮਨ ਨੇ ਪਾਕਿਸਤਾਨ ਨੂੰ ਟੱਕਰ ਦਿੰਦਿਆਂ ਇਹ ਸੰਦੇਸ਼ ਦਿੱਤਾ ਹੈ ਕਿ ਭਾਰਤ ਨੂੰ ਕੋਈ ਵੀ ਹਰਾ ਨਹੀਂ ਸਕਦਾ। ਸ਼ੁਭਮਨ ਦੇ ਦਾਦਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਲਖਵਿੰਦਰ ਸਿੰਘ ਨੇ ਆਪਣੇ ਪੁੱਤ ਨੂੰ ਲੋਹਾ ਬਣਾਉਣ ਲਈ ਖੂਬ ਮਿਹਨਤ ਕੀਤੀ ਹੈ।

ਸਟਾਰ ਖਿਡਾਰੀ ਸ਼ੁਭਮਨ ਦੀ ਦਾਦੀ ਗੁਰਮੇਲ ਕੌਰ ਨੇ ਕਿਹਾ ਕਿ ਵਾਹਿਗੁਰੂ ਦੀ ਮਿਹਰ ਸਦਕਾ ਉਨ੍ਹਾਂ ਦੇ ਪੋਤੇ ਨੇ ਦੇਸ਼ ਦੇ ਨਾਲ-ਨਾਲ ਪੰਜਾਬ ਤੇ ਉਨ੍ਹਾਂ ਦੇ ਪਿੰਡ ਦਾ ਨਾਂ ਵੀ ਚਮਕਾਇਆ ਹੈ। ਉਨ੍ਹਾਂ ਸ਼ੁਭਮਨ ਦੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਦੱਸਿਆ ਹੈ ਕਿ ਉਹ ਭਾਗਾਂ ਵਾਲਾ ਹੈ, ਜੋ ਪਹਿਲਾਂ ਆਪਣੀ ਪੜਦਾਦੀ ਵੱਲੋਂ ਤਿਆਰ ਕੀਤੀਆਂ ਗੇਂਦਾਂ ਨਾਲ ਖੇਡਦਾ ਰਿਹਾ ਤੇ ਹੁਣ ਵੱਡਾ ਹੋ ਕੇ ਵਿਦੇਸ਼ੀ ਧਰਤੀ 'ਤੇ ਜਾ ਕੇ ਵਿਰੋਧੀਆਂ ਦੀਆਂ ਗੇਂਦਾਂ ਨਾਲ ਵਧੀਆ ਖੇਡ ਰਿਹਾ ਹੈ।

ਸ਼ੁਭਮਨ ਦੇ ਫੁੱਫੜ ਕਰਨਜੀਤ ਸਿੰਘ ਗਰੇਵਾਲ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਾਡੇ ਬੱਚੇ ਦੇ ਪ੍ਰਦਰਸ਼ਨ 'ਤੇ ਪੂਰਾ ਦੇਸ਼ ਖੁਸ਼ੀਆਂ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ ਆਈ.ਪੀ.ਐੱਲ. ਵਿੱਚ ਸ਼ੁਭਮਨ ਧਰੁਵ ਤਾਰੇ ਵਾਂਗ ਚਮਕੇਗਾ।