ਚੰਡੀਗੜ੍ਹ: ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਹੁਣ ਆਮ ਗੱਲ ਹੋ ਗਈ ਹੈ। ਇਹ ਇਤਿਹਾਸਕ ਜਾਣਕਾਰੀ ਨਾ ਹੋਣ ਕਰਕੇ ਵੀ ਹੋ ਰਿਹਾ ਤੇ ਕੁਝ ਸ਼ਰਾਰਤੀ ਅਨਸਰ ਜਾਣਬੁੱਝ ਕੇ ਵੀ ਅਜਿਹਾ ਕਰ ਰਹੇ ਹਨ। ਪਿਛਲੇ ਸਮੇਂ ਦੌਰਾਨ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਦਿੱਲੀ ਵਿੱਚ ਸਾਹਮਣੇ ਆਇਆ ਹੈ।

ਦਿੱਲੀ ਦੇ ਇੱਕ ਸਕੂਲ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ 'ਅਤਿਵਾਦੀ' ਤੱਕ ਕਰਾਰ ਦੇ ਦਿੱਤਾ। ਇਹ ਮਾਮਲਾ ਸਾਹਮਣੇ ਆਉਂਦੇ ਹੀ ਸਿੱਖਾਂ ਵਿੱਚ ਵਿਆਪਕ ਰੋਸ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਵਾਰਕਾ ਦੇ ਇਸ ਸਕੂਲ ਖ਼ਿਲਾਫ਼ ਫ਼ੌਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ।

ਉਨ੍ਹਾਂ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਕੂਲ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਅਤਿਵਾਦੀ ਦੱਸਿਆ ਤੇ ਕਿਹਾ ਕਿ ਉਨ੍ਹਾਂ ਨੇ ਸਿੱਖਾਂ ਦਾ ਅਤਿਵਾਦੀ ਗਰੁੱਪ ‘ਖਾਲਸਾ’ ਬਣਾਇਆ ਸੀ। ਸਿਰਸਾ ਨੇ ਦਿੱਲੀ ਸਰਕਾਰ ਤੋਂ ਸਕੂਲ ਦੀ ਮਾਨਤਾ ਤੁਰੰਤ ਕੀਤੇ ਜਾਣ ਦੀ ਮੰਗ ਕੀਤੀ ਹੈ।

ਸਿਰਸਾ ਨੇ ਕਿਹਾ ਕਿ ਸਕੂਲ ਨੇ ਪੇਪਰ ’ਚ ਵਿਦਿਆਰਥੀਆਂ ਨੂੰ ਇੱਕ ਸਵਾਲ ਕੀਤਾ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਅਤਿਵਾਦੀ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਇਤਿਹਾਸ ਦਾ ਬਹੁਤ ਮੰਦਭਾਗਾ ਦਿਨ ਹੈ, ਕਿਉਂਕਿ ਧਰਮ ਤੇ ਮਨੁੱਖਤਾ ਦੀ ਰਾਖੀ ਤੇ ਜ਼ੁਲਮ ਖ਼ਿਲਾਫ਼ ਸਰਬੰਸ ਵਾਰਨ ਵਾਲੇ ਦਸਮੇਸ਼ ਪਿਤਾ ਨੂੰ ਅਤਿਵਾਦੀ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਕੂਲ ਖ਼ਿਲਾਫ਼ ਭਾਰਤੀ ਸੰਵਿਧਾਨ ਦੀਆਂ ਵੱਖ-ਵੱਖ ਫ਼ੌਜਦਾਰੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਬਦਨਾਮ ਕਰਨ ਤੇ ਲੋਕਾਂ ਖਾਸ ਤੌਰ ’ਤੇ ਬੱਚਿਆਂ ਦੇ ਮਨਾਂ ਵਿੱਚ ਸਿੱਖਾਂ ਪ੍ਰਤੀ ਜ਼ਹਿਰ ਭਰਨ ਦੀ ਮੁਹਿੰਮ ਵਿੱਢੀ ਗਈ ਹੈ। ਸਿਰਸਾ ਅਨੁਸਾਰ ਇਸ ਤੋਂ ਪਤਾ ਲੱਗਦਾ ਹੈ ਕਿ ਸਾਰੀ ਸਿੱਖ ਕੌਮ ਨੂੰ ਅਤਿਵਾਦੀ ਦੱਸਣ ਦਾ ਯਤਨ ਹੋ ਰਿਹਾ ਹੈ।

ਸਿਰਸਾ ਨੇ ਦਿੱਲੀ ਸਰਕਾਰ ਨੂੰ ਵੀ ਦੱਸਿਆ ਕਿ ਕਲਾਸ 7ਵੀਂ ਦੇ ਸੋਸ਼ਲ ਸਾਇੰਸ ਵਿਸ਼ੇ ਦੇ ਪੇਪਰ ਵਿੱਚ ਇਹ ਸਵਾਲ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਕੂਲ ਨੇ ਤੱਥਾਂ ਨੂੰ ਤੋੜ-ਮਰੋੜ ਕੇ ਗੁਰੂ ਸ਼੍ਰੀ ਗੋਬਿੰਦ ਸਿੰਘ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ।

Education Loan Information:

Calculate Education Loan EMI