ਚੰਡੀਗੜ੍ਹ: ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਪੰਚਕੂਲਾ ਦੀ ਅਦਾਲਤ ਵਿੱਚ ਚੱਲ ਰਹੇ ਜਿਣਸੀ ਸ਼ੋਸ਼ਣ ਦੇ ਮੁਕੱਦਮੇ ਦੇ ਫੈਸਲੇ ਦੀ ਘੜੀ ਪੈਦਾ ਹੋਏ ਤਣਾਅ ਸਬੰਧੀ ਗਹਿਰੀ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਸਮੂਹ ਲੋਕਾਂ ਖਾਸ ਕਰ ਡੇਰਾ ਪ੍ਰੇਮੀਆਂ ਨੂੰ ਆਪਸੀ ਸਦਭਾਵਨਾ ਤੇ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਆਗੂਆਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਪੈਦਾ ਕਰਨ ਲਈ ਹਾਕਮ ਜਮਾਤਾਂ ਦੀਆਂ ਉਹ ਸਾਰੀਆਂ ਸਿਆਸੀ ਪਾਰਟੀਆਂ ਜਿੰਮੇਵਾਰ ਹਨ ਜਿਹੜੀਆਂ ਧਰਮ ਨੂੰ ਆਪਣੇ ਸਿਆਸੀ ਮਨਸੂਬਿਆਂ ਲਈ ਵਰਤਣ ਦੇ ਮਕਸਦ ਨਾਲ ਡੇਰਾ ਸਿਰਸਾ ਨੂੰ ਵੋਟਾਂ ਦੀ ਖੇਡ ਦਾ ਮੈਦਾਨ ਬਣਾਉਂਦੀਆਂ ਹਨ। ਇਸ ਹਾਲਾਤ ਲਈ ਜਿੰਮੇਵਾਰ ਉਹ ਧਰਮ ਦੇ ਠੇਕੇਦਾਰ ਵੀ ਹਨ ਜੋ ਧਰਮ ਨੂੰ ਵਪਾਰ ਬਣਾ ਕੇ ਧਾਰਮਿਕ ਸਥਾਨਾਂ ਤੇ ਡੇਰਿਆਂ ਵਿੱਚ ਸ਼ਰਧਾ ਰੱਖਣ ਵਾਲੇ ਲੋਕਾਂ ਦੇ ਜਜ਼ਬਾਤਾਂ ਦਾ ਮੌਕਾਪ੍ਰਸਤ ਸਿਆਸਤਦਾਨਾਂ ਨਾਲ ਸੌਦਾ ਕਰਦੇ ਹਨ ਤੇ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡਦੇ ਹਨ।
ਆਗੂਆਂ ਨੇ ਅੱਗੇ ਹੋਰ ਕਿਹਾ ਕਿ ਭਾਰਤੀ ਕਾਨੂੰਨ ਸਾਰੇ ਲੋਕਾਂ ਸਮੇਤ ਸਿਆਸੀ ਤੇ ਰੂਹਾਨੀ ਸ਼ਖਸ਼ੀਅਤਾਂ ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਸਭਨਾਂ ਉੱਪਰ ਇੱਕਸਾਰ ਲਾਗੂ ਹੋਣਾ ਚਾਹੀਦਾ ਹੈ। ਲੋਕਾਂ ਨੂੰ ਧਾਰਮਿਕ ਜਨੂੰਨ 'ਚ ਅੱਖਾਂ ਬੰਦ ਕਰਕੇ ਕਰਕੇ ਕਿਸੇ ਮਸਲੇ ਸਬੰਧੀ ਫੈਸਲਾ ਕਰਨ ਦੀ ਬਜਾਏ ਸੂਝ ਸਿਆਣਪ ਦਾ ਪੱਲਾ ਫੜਦੇ ਹੋਏ ਸਹੀ ਸਮਝ ਬਣਾਉਣੀ ਚਾਹੀਦੀ ਹੈ।
ਇਨਕਲਾਬੀ ਆਗੂਆਂ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਵੱਲੋਂ ਬੇਲੋੜਾ ਹਊਆ ਖੜ੍ਹਾ ਕਰਕੇ ਲੋਕਾਂ ਅੰਦਰ ਡਰ ਦਾ ਮਾਹੌਲ ਸਿਰਜਣ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਅੰਦਰ ਸਹਿਮ ਪੈਦਾ ਕਰਨ ਦੀ ਬਜਾਏ ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਯਕੀਨ ਪੈਦਾ ਕਰਨ ਵਾਲਾ ਮਾਹੌਲ ਸਿਰਜਣ।