ਸਿਰਸਾ ਤੋਂ ਪੰਚਕੂਲਾ 250 ਕਿਲੋਮੀਟਰ ਦੂਰ ਹੈ, ਜਿਸ ਨੂੰ ਤੈਅ ਕਰਨ ਲਈ ਤਕਰੀਬਨ 4-5 ਘੰਟੇ ਦਾ ਸਮਾਂ ਲੱਗਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪੰਚਕੂਲਾ ਵਿੱਚ ਪਹਿਲਾਂ ਹੀ ਡੇਰਾ ਪ੍ਰੇਮੀ ਲੱਖਾਂ ਦੀ ਗਿਣਤੀ ਵਿੱਚ ਮੌਜੂਦ ਹਨ। ਹੁਣ ਰਾਮ ਰਹੀਮ 800 ਗੱਡੀਆਂ ਭਰ ਕੇ ਪੰਚਕੂਲਾ ਪਹੁੰਚ ਰਿਹਾ ਹੈ। ਹੁਣ ਇੱਥੇ ਸਥਿਤੀ ਹੋਰ ਵੀ ਤਣਾਅਪੂਰਨ ਹੋ ਸਕਦੀ ਹੈ। ਹਾਲਾਂਕਿ, ਪੰਚਕੂਲਾ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਧਾਰਾ 144 ਲਾਗੂ ਕੀਤੀ ਹੋਈ ਹੈ, ਪਰ ਫਿਰ ਵੀ ਰਾਮ ਰਹੀਮ ਦੀ ਪੇਸ਼ੀ ਕਾਰਨ ਲੱਖਾਂ ਦੀ ਗਿਣਤੀ ਵਿੱਚ ਡੇਰਾ ਸਮਰਥਕ ਪੰਚਕੂਲਾ ਪਹੁੰਚੇ ਹੋਏ ਹਨ।
ਇਸੇ ਕਾਰਨ ਹਰਿਆਣਾ ਪ੍ਰਸ਼ਾਸਨ ਨੂੰ ਹਾਈਕੋਰਟ ਤੋਂ ਝਾੜ ਵੀ ਪਈ ਸੀ। ਹਾਈਕੋਰਟ ਤੋਂ ਫਿਟਕਾਰ ਖਾਣ ਤੋਂ ਬਾਅਦ ਪ੍ਰਸ਼ਾਸਨ ਨੇ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਪੁਲਿਸ ਦੇ ਸਪੀਕਰ ਨੇ ਡੇਰਾ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਇੱਥੋਂ ਚਲੇ ਜਾਣ ਕਿਉਂਕਿ ਇੱਥੇ ਧਾਰਾ 144 ਲਾਗੂ ਕੀਤੀ ਹੋਈ ਹੈ ਪਰ ਇਸ ਦਾ ਕੋਈ ਖ਼ਾਸ ਅਸਰ ਨਾ ਹੋਇਆ। ਪਹਿਲਾਂ ਤਾਂ ਰਾਮ ਰਹੀਮ ਦੇ ਅਦਾਲਤ ਵਿੱਚ ਪੇਸ਼ ਹੋਣ ਬਾਰੇ ਦੁਚਿੱਤੀ ਸੀ ਪਰ ਕੱਲ੍ਹ ਉਨ੍ਹਾਂ ਟਵੀਟ ਰਾਹੀਂ ਪੁਸ਼ਟੀ ਕਰ ਦਿੱਤੀ ਸੀ ਕਿ ਉਹ ਅਦਾਲਤ ਵਿੱਚ ਪੇਸ਼ ਹੋਣਗੇ।