ਨਵੀਂ ਦਿੱਲੀ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਚੱਲ ਰਹੇ ਸਾਧਵੀ ਨਾਵ ਬਲਾਤਕਾਰ ਦੇ ਕੇਸ ਬਾਰੇ ਪੰਚਕੂਲਾ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਅੱਜ ਫੈਸਲਾ ਸੁਣਾਏਗੀ। ਸ਼ਹਿਰ ਵਿੱਚ ਧਾਰਾ 144 ਦੇ ਬਾਵਜੂਦ ਇੱਥੇ ਡੇਰੇ ਦੇ ਸਮਰਥਕ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਗਏ ਹਨ ਜਿਸ ਕਾਰਨ ਸਥਿਤੀ ਬਹੁਤ ਹੀ ਤਣਅਪੂਰਨ ਹੈ। ਹਾਲਾਂਕਿ, ਡੇਰਾ ਮੁਖੀ ਨੇ ਕਿਹਾ ਕਿ ਉਹ ਪੇਸ਼ੀ ਮੌਕੇ ਅਦਾਲਤ ਵਿੱਚ ਹਾਜ਼ਰ ਰਹਿਣਗੇ।
ਡੇਰਾ ਮੁਖੀ ਬਾਰੇ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਸੁਰੱਖਿਆ ਵਿਵਸਥਾ ਬਾਰੇ ਸੁਣਵਾਈ ਹੋਵੇਗੀ। ਦੱਸਣਾ ਬਣਦਾ ਹੈ ਕਿ ਅਦਾਲਤ ਨੇ ਬੀਤੇ ਦਿਨ ਹਰਿਆਣਾ ਸਰਕਾਰ ਨੂੰ ਝਾੜ ਪਾਈ ਸੀ ਕਿ ਧਾਰਾ 144 ਲਾਗੂ ਹੋਣ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਵਿੱਚ ਡੇਰਾ ਸਮਰਥਕ ਪੰਚਕੂਲਾ ਕਿਵੇਂ ਪਹੁੰਚ ਗਏ।
ਧਾਰਾ 144 ਬਾਰੇ ਬੀਤੇ ਕੱਲ੍ਹ ਹਰਿਆਣਾ ਦੇ ਕੈਬਨਿਟ ਮੰਤਰੀ ਨੇ ਇਹ ਵੀ ਕਹਿ ਦਿੱਤਾ ਸੀ ਕਿ ਇਹ ਕਾਨੂੰਨ ਡੇਰਾ ਪ੍ਰੇਮੀਆਂ ਦੀ ਸ਼ਰਧਾ 'ਤੇ ਲਾਗੂ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਹਰਿਆਣਾ ਪੁਲਿਸ ਮੁਖੀ ਬੀ. ਐਸ. ਸੰਧੂ ਨੇ ਕਿਹਾ ਸੀ ਕਿ ਇਸ ਕਾਨੂੰਨ ਤਹਿਤ ਕਿਸੇ ਕਿਸਮ ਦਾ ਹਥਿਆਰ ਲੈ ਕੇ ਚੱਲਣ ਦੀ ਮਨਾਹੀ ਸੀ ਜਦਕਿ ਡੇਰਾ ਪ੍ਰੇਮੀ ਸ਼ਾਂਤਮਈ ਢੰਗ ਨਾਲ ਇਕੱਠੇ ਹੋਏ ਹਨ।