ਮੋਗਾ- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਭੜਕੀ ਹਿੰਸਾ ਨੂੰ ਸੰਭਾਲਣ ਦੇ ਲਈ ਬੁਲਾਈ ਗਈ ਪੈਰਾ ਮਿਲਟਰੀ ਫੋਰਸ ਦੀਆਂ 85 ਕੰਪਨੀਆਂ ਹਾਲੇ ਤੱਕ ਵੀ ਪੰਜਾਬ ਵਿੱਚ ਹਨ। ਕੇਂਦਰ ਸਰਕਾਰ ਵੱਲੋਂ ਪ੍ਰਤੀ ਕੰਪਨੀ ਰੋਜ਼ 1.77 ਲੱਖ ਰੁਪਏ ਦਾ ਖਰਚ ਵਸੂਲੇ ਜਾਣ ਦੇ ਕਾਰਨ ਪੰਜਾਬ ‘ਤੇ ਰੋਜ਼ 1.50 ਕਰੋੜ ਦਾ ਬੋਝ ਪੈ ਰਿਹਾ ਹੈ। ਮੋਗਾ ਵਿੱਚ ਪੈਰਾ ਮਿਲਟਰੀ ਫੋਰਸ ਦੀਆਂ ਸੱਤ ਕੰਪਨੀਆਂ ਹਨ, ਜਿਸ ਦਾ ਖਰਚਾ 12.39 ਲੱਖ ਬਣਦਾ ਹੈ। ਪੰਜਾਬ ਦੇ ਆਰਥਿਕ ਮਾਮਲਿਆਂ ਦੇ ਮਾਹਰ ਪ੍ਰੋ. ਅਮਰਜੀਤ ਸਿੰਘ ਦੇ ਮੁਤਾਬਕ ਪੰਜਾਬ ਖਾੜਕੂਵਾਦ ਸਮੇਂ ਤੋਂ ਕਰਜਾਈ ਹੋਇਆ ਪਿਆ ਹੈ। ਹਰਿਆਣਾ ਵਿੱਚ 65 ਪੈਰਾ ਮਿਲਟਰੀ ਫੋਰਸ ਦੀਆਂ ਕੰਪਨੀਆਂ ਹਨ। ਉਸ ਨੂੰ ਰੋਜ਼ 1.15 ਕਰੋੜ ਸੁਰੱਖਿਆ ਦਾ ਖਰਚਾ ਦੇਣਾ ਪੈ ਰਿਹਾ ਹੈ। ਵਰਨਣ ਯੋਗ ਹੈ ਕਿ ਬਲਾਤਕਾਰ ਕੇਸ ਵਿੱਚ ਰਾਮ ਰਹੀਮ ਸਿੰਘ ਨੂੰ ਸਜ਼ਾ ਮਿਲਣ ਪਿੱਛੋਂ ਉਸ ਦੇ ਖਿਲਾਫ ਕਈ ਹੋਰ ਮਾਮਲੇ ਵੀ ਉੱਭਰ ਆਏ ਹਨ। ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਅਤੇ ਪੱਤਰਕਾਰ ਰਾਮ ਚੰਦਰ ਛਪਰਪਤੀ ਦੇ ਕਤਲ ਕੇਸਾਂ ਦੀ ਸੁਣਵਾਈ 16 ਸਤੰਬਰ ਨੂੰ ਹਾਈ ਕੋਰਟ ਵਿੱਚ ਹੋਣੀ ਹੈ। ਇਸ ਦੇ ਕਾਰਨ ਪੈਰਾ ਮਿਲਟਰੀ ਫੋਰਸ ਦੀਆਂ ਕੰਪਨੀਆਂ ਨੂੰ ਹਾਲੇ ਤੱਕ ਨਹੀਂ ਹਟਾਇਆ ਗਿਆ।