ਚੰਡੀਗੜ੍ਹ: ਡੇਰਾ ਸਿਰਸਾ ਵੱਲੋਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਦਾ ਖੁਲਾਸਾ ਕਰਨ ਮਗਰੋਂ ਸਿਆਸਤ ਗਰਮਾ ਗਈ ਹੈ। ਵਿਰੋਧੀ ਧਿਰਾਂ ਪੰਥਕ ਪਾਰਟੀ ਨੂੰ ਘੇਰਨ ਲੱਗੀਆਂ ਹਨ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 'ਤੁਮ ਮੁਝੇ ਵੋਟ ਕਰੋ, ਮੈਂ ਤੁਮੇ ਮਾਫ਼ ਕਰੂੰਗਾ' ਨੀਤੀ ਅਪਣਾਈ ਸੀ। ਇਸ ਦਾ ਖੁਲਾਸਾ ਹੁਣ ਡੇਰਾ ਪ੍ਰਬੰਧਕਾਂ ਨੇ ਖੁਦ ਹੀ ਕਰ ਦਿੱਤਾ ਹੈ।


ਦਰਅਸਲ ਸੋਮਵਾਰ ਨੂੰ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਬੇਅਦਬੀ ਮਾਮਲੇ ਵਿੱਚ ਇਸ ਲਈ ਫਸਾਇਆ ਜਾ ਰਿਹਾ ਹੈ ਕਿਉਂਕਿ ਡੇਰੇ ਵੱਲੋਂ ਚੋਣਾਂ ਵਿੱਚ ਅਕਾਲੀ ਦਲ ਦੀ ਹਮਾਇਤ ਕੀਤੀ ਸੀ। ਬੇਸ਼ੱਕ ਡੇਰਾ ਪ੍ਰਬੰਧਕਾਂ ਨੇ ਇਹ ਦਾਅਵਾ ਆਪਣੇ ਬਚਾਅ ਵਿੱਚ ਕੀਤਾ ਪਰ ਹੁਣ ਇਹ ਵਿਰੋਧੀਆਂ ਦੇ ਹੱਥ ਵੱਡਾ ਮੁੱਦਾ ਲੱਗ ਗਿਆ ਹੈ।


ਵਿਰੋਧੀ ਧਿਰਾਂ ਪਹਿਲਾਂ ਹੀ ਇਲਜ਼ਾਮ ਲਾ ਰਹੀਆਂ ਹਨ ਕਿ ਅਕਾਲੀ ਦਲ ਨੇ ਡੇਰੇ ਦੀਆਂ ਵੋਟਾਂ ਲੈਣ ਲਈ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦੁਆਈ ਸੀ। ਇਸ ਮਗਰੋਂ ਹੀ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਤੇ ਡੇਰੇ ਦਾ ਪੈਰੋਕਾਰਾਂ ਨਾਲ ਟਕਰਾਅ ਵਧ ਗਿਆ।

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਵੱਲੋਂ ਇਹ ਆਖਣਾ ਕਿ 2017 ਵਿੱਚ ਅਕਾਲੀ ਦਲ ਨੂੰ ਵੋਟਾਂ ਪਾਈਆਂ ਸੀ ਤੇ ਇਸ ਲਈ ਕਾਂਗਰਸ ਹੁਣ ਤੰਗ ਕਰ ਰਹੀ, ਕਾਫੀ ਵੱਡਾ ਮੁੱਦਾ ਹੈ। ਡੇਰੇ ਨੇ ਪਹਿਲੀ ਵਾਰ ਮੰਨਿਆ ਹੈ ਕਿ ਅਕਾਲੀ ਦਲ ਦੀ ਹਮਾਇਤ ਕੀਤੀ ਸੀ। ਇਹ ਇੱਕ ਕਿਸਮ ਦਾ ਹਲਫ਼ੀਆ ਬਿਆਨ ਹੈ।

ਜਾਖੜ ਨੇ ਕਿਹਾ ਕਿ ਅਕਾਲੀ ਦਲ ਤੇ ਡੇਰਾ ਪ੍ਰੇਮੀਆਂ ਦਾ ਮਨੋਰਥ ਜਾਹਰ ਹੋ ਗਿਆ ਹੈ। ਡੇਰੇ ਦੇ ਦਾਅਵੇ ਮਗਰੋਂ ਇਹ ਸਾਬਤ ਹੋ ਗਿਆ ਹੈ ਕਿ ਸੁਖਬੀਰ ਦੀ ਨੀਤੀ ਸਾਫ ਹੈ ਕਿ ਤੁਮ ਮੁਝੇ ਵੋਟ ਕਰੋ, ਮੈਂ ਤੁਮੇ ਮਾਫ਼ ਕਰੂੰਗਾ। ਹੁਣ ਸੱਚ ਸਾਹਮਣੇ ਆਉਣ ਮਗਰੋਂ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਡੇਰਾ ਨਾਲ ਸੌਦੇਬਾਜ਼ੀ ਕੀਤੀ ਸੀ ਕਿ ਪੰਜਾਬ ਵਿੱਚ ਫਿਲਮ MSG2 ਰਿਲੀਜ਼ ਕੀਤੀ ਜਾਵੇਗੀ। ਰਾਮ ਰਹੀਮ ਨੂੰ ਮੁਆਫੀ ਦਿੱਤੀ ਜਾਵੇਗੀ।

ਜਾਖੜ ਨੇ ਕਿਹਾ ਕਿ ਇਹ ਸਭ ਡੇਰਾ ਸਿਰਸਾ ਤੋਂ ਵੋਟਾਂ ਲੈਣ ਲਈ ਸੈਟਿੰਗ ਕੀਤੀ ਗਈ ਸੀ। ਹੁਣ ਸਭ ਸਪਸ਼ਟ ਹੈ ਕਿ ਸੁਖਬੀਰ ਬਾਦਲ ਪੰਥ ਦਾ ਦੋਸ਼ੀ ਹੈ। ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।