ਗੁਰਮੀਤ ਰਾਮ ਰਹੀਮ ਦੇ ਬੇਅਦਬੀ ਮਾਮਲਿਆਂ 'ਚ ਨਾਮਜ਼ਦ ਹੋਣ ਮਗਰੋਂ ਡੇਰਾ ਸਿਰਸਾ ਨੇ ਰੱਖਿਆ ਆਪਣਾ ਪੱਖ

ਏਬੀਪੀ ਸਾਂਝਾ   |  09 Jul 2020 07:24 PM (IST)

ਡੇਰਾ ਸੱਚ ਸੌਦਾ ਸਿਰਸਾ ਵਲੋਂ ਜਾਰੀ ਬਿਆਨ ਰਾਹੀਂ ਇਹ ਕਿਹਾ ਗਿਆ ਹੈ ਕਿ ਡੇਰਾ ਸੱਚਾ ਸੌਦਾ ਇਕ ਸਰਬ ਧਰਮ ਸੰਗਮ ਸੰਸਥਾ ਹੈ।1948 ਤੋਂ ਹੀ ਡੇਰੇ 'ਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਅਤੇ ਬੇਅਦਬੀ ਮਾਮਲੇ 'ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਅੱਜ ਡੇਰਾ ਸਿਰਸਾ ਨੇ ਇਸ ਤੇ ਆਪਣਾ ਪੱਖ ਰੱਖਿਆ ਹੈ। ਡੇਰਾ ਸੱਚ ਸੌਦਾ ਸਿਰਸਾ ਵਲੋਂ ਜਾਰੀ ਬਿਆਨ ਰਾਹੀਂ ਇਹ ਕਿਹਾ ਗਿਆ ਹੈ ਕਿ 
ਡੇਰਾ ਸੱਚਾ ਸੌਦਾ ਇਕ ਸਰਬ ਧਰਮ ਸੰਗਮ ਸੰਸਥਾ ਹੈ।1948 ਤੋਂ ਹੀ ਡੇਰੇ 'ਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ।ਗੁਰਮੀਤ ਰਾਮ ਰਹੀਮ ਸਿੰਘ ਹਮੇਸ਼ਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ।-
ਉਨ੍ਹਾਂ ਕਿਹਾ ਕਿ
ਰਾਮ ਰਹੀਮ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਐਸੇ 'ਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਤਾਂ ਦੂਰ ਇਸ ਬਾਰੇ ਸੋਚਣਾ ਵੀ ਪਾਪ ਹੈ।2015 ਵਿੱਚ, ਜਦੋਂ ਪਵਿੱਤਰਤਾ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਇਹ ਮੰਦਭਾਗੀ ਘਟਨਾ ਵਾਪਰੀ ਸੀ ਤਾਂ ਰਾਮ ਰਹੀਮ ਨੇ ਇਸ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਦੀ ਸਖਤ ਨਿਖੇਧੀ ਕੀਤੀ ਸੀ।ਜਿਸ ਨੂੰ ਮੀਡੀਆ ਨੇ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ ਸੀ। -
ਉਨ੍ਹਾਂ ਅੱਗੇ ਕਿਹਾ ਕਿ ਸੀਬੀਆਈ ਜਾਂਚ ਵਿੱਚ ਵੀ ਡੇਰਾ ਅਤੇ ਡੇਰਾ ਪ੍ਰੇਮੀ ਇਸ ਮਾਮਲੇ ਵਿੱਚ ਨਿਰਦੋਸ਼ ਸਾਬਤ ਹੋਏ ਸਨ। ਸੀਬੀਆਈ ਨੇ ਪੰਜ ਸਾਲਾਂ ਦੀ ਜਾਂਚ ਵਿੱਚ ਮਾਇੰਡ ਮੈਪਿੰਗ, ਫਿੰਗਰ ਪ੍ਰਿੰਟ, ਲਾਈ ਡਿਟੈਕਟਰ ਟੈਸਟ ਆਦਿ ਕਰਵਾਏ ਸਨ।ਜਿਸ ਵਿੱਚ ਵੀ ਡੇਰਾ ਸ਼ਰਧਾਲੂਆਂ ਖਿਲਾਫ ਕੋਈ ਸਬੂਤ ਬਰਾਮਦ ਨਹੀਂ ਹੋਇਆ ਸੀ। ਡੇਰੇ ਦਾ ਕਹਿਣਾ ਹੈ ਕਿ 
ਸੀਬੀਆਈ ਇਸ ਮਾਮਲੇ ਵਿੱਚ ਡੇਰਾ ਅਤੇ ਡੇਰਾ ਪ੍ਰਮੀਆਂ ਨੂੰ ਕਲੀਨ ਚਿੱਟ ਦੇ ਚੁੱਕੀ ਹੈ। ਪਰ ਬਾਵਜੂਦ ਇਸ ਦੇ ਪੰਜਾਬ ਪੁਲਿਸ ਹੁਣ ਗੁਰਮੀਤ ਰਾਮ ਰਹੀਮ ਅਤੇ ਡੇਰਾ ਸ਼ਰਧਾਲੂਆਂ ਨੂੰ ਇਸ ਮਾਮਲੇ ਵਿੱਚ ਫਸਾਉਣਾ ਚਾਹੁੰਦੀ ਹੈ।ਗੁਰਮੀਤ ਰਾਮ ਰਹੀਮ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਸਨੂੰ ਇਸ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।-
ਡੇਰਾ ਪ੍ਰੇਮੀਆਂ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਬੇਨਤੀ ਸਵੀਕਾਰ ਕਰੇ ਅਤੇ ਐਫਆਈਆਰ ਵਿੱਚੋਂ ਰਾਮ ਰਹੀਮ ਅਤੇ ਹੋਰ ਡੇਰਾ ਪ੍ਰੇਮੀਆਂ ਦੇ ਨਾਮ ਹਟਾਏ।ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
© Copyright@2025.ABP Network Private Limited. All rights reserved.