ਚੰਡੀਗੜ੍ਹ: ਬਲਾਤਕਾਰੀ ਬਾਬਾ ਰਾਮ ਰਹੀਮ ਦੇ ਗੁੰਡੇ ਚੇਲਿਆਂ ਨੇ ਅੱਜ ਸ਼ਰੇਆਮ ਕਾਨੂੰਨ ਦੀ ਧੱਜੀਆਂ ਉਡਾਈਆਂ। ਬਾਬੇ ਦੇ ਇਨ੍ਹਾਂ ਬੇਖੌਫ ਗੁੰਡਿਆਂ ਨੇ ਸਰਕਾਰੀ ਸੰਪਤੀ ਦੇ ਨਾਲ-ਨਾਲ ਨਿਰਦੋਸ਼ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਸੁਰੱਖਿਆ ਫੋਰਸ ਤੇ ਪੱਤਰਕਾਰਾਂ ਨੂੰ ਵੀ ਨਹੀਂ ਛੱਡਿਆ।

ਹੈਰਾਨੀਜਨਕ ਹੈ ਕਿ ਬਲਾਤਕਾਰੀ ਬਾਬਾ ਦੇ ਗੁੰਡੇ ਚੇਲੇ ਪਹਿਲਾਂ ਦਾਅਵਾ ਕਰਦੇ ਸੀ ਕਿ ਉਹ ਰਾਮ ਰਹੀਮ ਦੇ ਦਰਸ਼ਨ ਕਰਨ ਆਏ ਹਨ ਪਰ ਡੇਰਾ ਮੁਖੀ ਨੂੰ ਬਲਾਤਕਾਰੀ ਕਰਾਰ ਦੇਣ ਮਗਰੋਂ ਉਨ੍ਹਾਂ ਦਾ ਅਸਲੀ ਰੂਪ ਸਾਹਮਣੇ ਆ ਗਿਆ। ਉਹ ਪੁਲਿਸ 'ਤੇ ਟੁੱਟ ਪਏ ਤੇ ਸਰਕਾਰੀ ਦਫਤਰਾਂ, ਪੈਟਰੋਲ ਪੰਪਾਂ, ਗੱਡੀਆਂ ਨੂੰ ਅੱਗ ਲਾ ਦਿੱਤੀ। ਇਹ ਗੁੰਡੇ ਜਿਸ ਤਰੀਕੇ ਨਾਲ ਹਮਲਾ ਕਰ ਰਹੇ ਹਨ, ਉਸ ਤੋਂ ਸਪਸ਼ਟ ਹੈ ਕਿ ਬਲਾਤਕਾਰੀ ਬਾਬੇ ਨੇ ਇਹ ਗੁੰਡੇ ਇਸੇ ਕੰਮ ਲਈ ਤਿਆਰ ਕੀਤੇ ਸਨ। ਇਹ ਕਿਸੇ ਧਰਮ ਗੁਰੂ ਦੇ ਚੇਲੇ ਨਹੀਂ ਬਲਕਿ ਗੁਨਾਹ ਦੇ ਪੈਰੋਕਾਰ ਹਨ।

ਦਰਅਸਲ ਬਲਾਤਕਾਰੀ ਬਾਬਾ ਨੇ ਪਹਿਲਾਂ ਹੀ ਇਹ ਯੋਜਨਾ ਤਿਆਰ ਕੀਤੀ ਹੋਈ ਸੀ। ਉਹ ਹਾਲਾਤ ਖਰਾਬ ਕਰਕੇ ਅਦਾਲਤ ਤੇ ਸਰਕਾਰ 'ਤੇ ਦਬਾਅ ਬਣਾਉਣਾ ਚਾਹੁੰਦਾ। ਇਸ ਕੰਮ ਵਿੱਚ ਹਰਿਆਣਾ ਸਰਕਾਰ ਵੀ ਬਾਬਾ ਦਾ ਸਾਥ ਦਿੰਦੀ ਨਜ਼ਰ ਆਈ। ਸਰਕਾਰ ਦੀ ਮਿਹਰਬਾਨੀ ਕਰਕੇ ਹੀ ਦਫਾ 144 ਲੱਗੀ ਹੋਣ ਦੇ ਬਾਵਜੂਦ ਦੋ ਲੱਖ ਤੋਂ ਵੱਧ ਬਾਬੇ ਦੇ ਭਗਤ ਪੰਚਕੂਲਾ ਪਹੁੰਚ ਗਏ। ਇਨ੍ਹਾਂ ਭਗਤਾਂ ਵਿੱਚ ਹੀ ਬਾਬੇ ਦੇ ਟ੍ਰੇਂਡ ਗੁੰਡੇ ਸ਼ਾਮਲ ਸੀ। ਉਹ ਸ਼ਰੇਆਮ ਸਾੜਫੂਕ ਕਰਦੇ ਰਹੇ ਤੇ ਪੁਲਿਸ ਡਰਦੀ ਜਾਨ ਬਚਾਉਂਦੀ ਰਹੀ।

ਸਰਕਾਰ ਦੀ ਨਲਾਇਕੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਈ ਜਾ ਸਕਦੀ ਹੈ ਕਿ ਇਹ ਸਭ ਕੁਝ ਜਦੋਂ ਹਾਈਕੋਰਟ ਦੇ ਧਿਆਨ ਵਿੱਚ ਆਇਆ ਤਾਂ ਅਦਾਲਤ ਨੇ ਖੁਦ ਫੌਜ ਨੂੰ ਨਿਰਦੇਸ਼ ਦੇਣ ਦੀ ਗੱਲ ਕਹਿ ਦਿੱਤੀ। ਇਸ ਮਗਰੋਂ ਕੇਂਦਰ ਤੇ ਹਰਿਆਣਾ ਸਰਕਾਰਾਂ ਹਰਕਤ ਵਿੱਚ ਆਈਆਂ ਪਰ ਉਦੋਂ ਤੱਕ ਵੇਲਾ ਲੰਘ ਚੁੱਕਾ ਸੀ। ਬਲਾਤਕਾਰੀ ਬਾਬਾ ਨੇ ਸ਼ੁੱਕਰਵਾਰ ਨੂੰ ਹੀ ਟਵਿੱਟਰ ਜ਼ਰੀਏ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਜਿਸ ਦਾ ਕੋਈ ਅਰਥ ਨਹੀਂ ਸੀ।

ਕੁਲ ਮਿਲ ਕੇ ਬਲਾਤਕਾਰੀ ਬਾਬੇ ਦੇ ਗੁੰਡਿਆਂ ਦਾ ਜੁਲਮ ਕਈ ਸਵਾਲ ਖੜ੍ਹੇ ਕਰ ਗਿਆ ਹੈ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਕਿਸ ਤਰ੍ਹਾਂ ਬਲਾਤਕਾਰੀ ਬਾਬਾ ਇਹ ਦਹਿਸ਼ਤ ਦੀ ਖੇਡ ਖੇਡ ਰਿਹਾ ਸੀ। ਇਹ ਵੀ ਸਪਸ਼ਟ ਹੋ ਗਿਆ ਹੈ ਕਿ ਇਹ ਕੋਈ ਧਾਰਮਿਕ ਡੇਰਾ ਨਹੀਂ ਬਲਕਿ ਬਲਾਤਕਾਰੀ ਤੇ ਗੁੰਡਾਗਰਦੀ ਦੀ ਜ਼ਿਉਂਦੀ ਜਾਗਦੀ ਮਿਸਾਲ ਹੈ ਜਿਸ ਨੂੰ ਸਿਆਸੀ ਲੀਡਰਾਂ ਦੀ ਵੀ ਪੂਰੀ ਸ਼ਹਿ ਹੈ।