Punjab News : ਪੰਜਾਬ ਵਿਚ ਪਿਛਲੇ ਦਿਨੀਂ ਹੋਈ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਬਰਬਾਦ ਹੋਈਆਂ ਫਸਲਾਂ ਦੀ ਗਿਰਦਾਵਰੀ ਦੇ ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਨੂੰ ਹੁਕਮ ਦਿੱਤੇ ਗਏ ਸਨ। ਪਟਵਾਰੀਆਂ ਵੱਲੋਂ ਪਿੰਡਾਂ ਵਿੱਚ ਜਾ ਕੇ ਫ਼ਸਲਾਂ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਪਰ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਹੁਤੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਪਟਵਾਰੀ ਵੱਲੋਂ ਉਨ੍ਹਾਂ ਦੇ ਪਿੰਡਾਂ ਵਿਚ ਗੇੜਾ ਨਹੀਂ ਮਾਰਿਆ ਗਿਆ। 

 

ਪਿੰਡ ਝੁੰਬਾ ਦੇ ਕਿਸਾਨ ਜਗਸੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਕਣਕ ਦੀ ਫਸਲ ਦੁਬਾਰਾ ਪੁੰਗਰ ਗਈ ਹੈ ਪਰ ਪਿੰਡ ਦੇ ਪਟਵਾਰੀਆਂ ਵੱਲੋਂ ਗਰਦਾਵਰੀਆਂ ਕਰਨ ਦੀ ਬਜਾਏ ਇਹ ਕਹਿ ਕੇ ਕਿਸਾਨਾਂ ਨੂੰ ਟਾਲਿਆ ਜਾ ਰਿਹਾ ਹੈ ਕਿ ਤੁਹਾਡਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਕਈ ਵੱਡੇ ਜਿਮੀਦਾਰਾਂ ਦੇ ਘਰਾਂ ਵਿਚ ਚਾਹ ਪੀ ਕੇ ਉਨ੍ਹਾਂ ਦੀਆਂ ਗਰਦਾਵਰੀਆਂ ਭੇਟ ਕੀਤੀਆਂ ਜਾ ਰਹੀਆਂ ਹਨ

 


 

ਬਠਿੰਡਾ ਦੇ ਪਿੰਡ ਬੀੜ ਬਹਿਮਨ ਦੇ ਕਿਸਾਨ ਹਰਪਾਲ ਸਿੰਘ ਨੇ ਦੱਸਿਆ ਕਿ ਬੇਮੌਸਮੀ ਬਰਸਾਤ ਕਾਰਨ ਬਰਬਾਦ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਨ ਲਈ ਪਟਵਾਰੀ ਗਿਆ ਹੀ ਨਹੀਂ। ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਬਦਰੰਗ ਹੋ ਚੁੱਕੀ ਹੈ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਟਵਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰੇ ਕਿਉਂਕਿ ਪਿੰਡਾਂ ਵਿੱਚ ਜਾ ਕੇ ਗਰਦਾਵਰੀਆਂ ਕਰਨ ਪਰ ਹਾਲੇ ਤੱਕ ਉਨ੍ਹਾਂ ਦੇ ਪਿੰਡ ਵਿਚ ਪਟਵਾਰੀ ਗਿਰਦਾਵਰੀ ਕਰ ਨਹੀਂ ਪਹੁੰਚਿਆ

 


 

ਕੇਵਲ ਢਾਈ ਏਕੜ ਜ਼ਮੀਨ ਦੇ ਮਾਲਕ ਰੁੜ  ਸਿੰਘ ਵਾਸੀ ਪਿੰਡ ਝੁੰਬਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਪਟਵਾਰੀ ਗਿਰਦਾਵਰੀ ਕਰਨ ਪਹੁੰਚਿਆ ਜ਼ਰੂਰ ਸੀ ਪਰ ਉਸ ਵੱਲੋਂ ਨਿਰਪੱਖ ਤੌਰ 'ਤੇ ਗਰਦਾਵਰੀ ਨਹੀਂ ਕੀਤੀ ਜਾ ਰਹੀ। ਬੇਮੌਸਮੀ ਬਰਸਾਤ ਕਾਰਨ ਖੜ੍ਹੇ ਪਾਣੀ ਵਿਚ ਡੁੱਬੀਆਂ ਫਸਲਾਂ ਮੁੜ ਤੋਂ ਪੁੱਗਰ ਗਈਆਂ ਹਨ ਪਰ ਪਟਵਾਰੀ ਵੱਲੋਂ ਗਰਦਾਵਰੀ ਨਹੀਂ ਕੀਤੀ ਜਾ ਰਹੀ। 

 

 ਉਨ੍ਹਾਂ ਖੇਤੀਬਾੜੀ ਵਿਭਾਗ ਅਤੇ ਪਟਵਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜ਼ਮੀਨੀ ਪੱਧਰ ਉੱਪਰ ਗਰਦਾਵਰੀਆਂ ਦਾ ਕੰਮ ਨਾ ਚਲਾਇਆ ਗਿਆ ਤਾਂ ਉਹ ਇਨ੍ਹਾਂ ਦਾ ਘਿਰਾਓ ਕਰਨਗੇ।