Haldwani Jail HIV Positive Prisoners: ਅਜਿਹੀ ਖਬਰ ਉੱਤਰਾਖੰਡ ਦੇ ਹਲਦਵਾਨੀ ਤੋਂ ਸਾਹਮਣੇ ਆਈ ਹੈ, ਜਿਸ ਕਾਰਨ ਜੇਲ੍ਹ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ। ਹਲਦਵਾਨੀ ਜੇਲ੍ਹ ਵਿੱਚ 44 ਕੈਦੀ ਐੱਚ.ਆਈ.ਵੀ. ਪੀੜਤ ਪਾਏ ਗਏ ਹਨ, ਜਿਨ੍ਹਾਂ ਵਿੱਚ ਇੱਕ ਮਹਿਲਾ ਕੈਦੀ ਵੀ ਐੱਚ.ਆਈ.ਵੀ. ਪਾਜ਼ੀਟਿਵ ਪਾਈ ਗਈ ਹੈ। ਇਸ ਸੂਚਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਨ੍ਹਾਂ ਸਾਰੇ ਕੈਦੀਆਂ ਦਾ ਹਲਦਵਾਨੀ ਦੇ ਸੁਸ਼ੀਲਾ ਤਿਵਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜੇਲ੍ਹ ਵਿੱਚ ਐੱਚ.ਆਈ.ਵੀ. ਪੀੜਤ ਕੈਦੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜੇਕਰ ਇਸ ਮਾਮਲੇ 'ਚ ਡਾਕਟਰਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਦੱਸਿਆ ਹੈ ਕਿ ਜੇਲ੍ਹ 'ਚ ਐੱਚ.ਆਈ.ਵੀ ਪੀੜਤ ਕੈਦੀ ਮਿਲੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨਸ਼ੇੜੀ ਹਨ।
ਐੱਚ.ਆਈ.ਵੀ. ਦੇ ਮਰੀਜ਼ਾਂ ਲਈ ਬਣਾਇਆ ਗਿਆ ਏ.ਆਰ.ਟੀ
ਦੱਸ ਦੇਈਏ ਕਿ ਇਸ ਸਮੇਂ ਹਲਦਵਾਨੀ ਜੇਲ੍ਹ ਵਿੱਚ 1629 ਪੁਰਸ਼ ਅਤੇ 70 ਮਹਿਲਾ ਕੈਦੀ ਹਨ। ਅਜਿਹੇ 'ਚ ਇੰਨੀ ਵੱਡੀ ਗਿਣਤੀ 'ਚ ਕੈਦੀਆਂ ਦੇ ਐੱਚ.ਆਈ.ਵੀ. ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵਲੋਂ ਕੈਦੀਆਂ ਦੇ ਰੂਟੀਨ ਟੈਸਟ ਵੀ ਕਰਵਾਏ ਜਾ ਰਹੇ ਹਨ। ਤਾਂ ਜੋ ਐੱਚ.ਆਈ.ਵੀ. ਪੀੜਤ ਕੈਦੀਆਂ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਦੂਜੇ ਪਾਸੇ ਸੁਸ਼ੀਲਾ ਤਿਵਾੜੀ ਹਸਪਤਾਲ ਦੇ ਡਾਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਐੱਚ.ਆਈ.ਵੀ. ਦੇ ਮਰੀਜ਼ਾਂ ਲਈ ਏਆਰਟੀ ਸੈਂਟਰ ਬਣਾਇਆ ਗਿਆ ਹੈ, ਜਿੱਥੇ ਸੰਕਰਮਿਤ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ।
ਜੇਲ੍ਹ ਸੁਪਰਡੈਂਟ ਨੇ ਇਸ ਮਾਮਲੇ ’ਤੇ ਚੁੱਪ ਧਾਰ ਰੱਖੀ
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਲਗਾਤਾਰ ਜਾਂਚ ਕੀਤੀ ਜਾਂਦੀ ਹੈ ਅਤੇ ਜੋ ਵੀ ਕੈਦੀ ਐੱਚ.ਆਈ.ਵੀ. ਪਾਜ਼ੀਟਿਵ ਪਾਇਆ ਜਾਂਦਾ ਹੈ, ਉਸ ਦਾ ਮੁਫ਼ਤ ਇਲਾਜ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਹਾਲਾਂਕਿ ਜੇਲ੍ਹ ਸੁਪਰਡੈਂਟ ਪ੍ਰਮੋਦ ਕੁਮਾਰ ਪਾਂਡੇ ਨੇ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਇਸ ਤਰ੍ਹਾਂ ਦੇ ਮਾਮਲੇ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਸੁਸ਼ੀਲਾ ਤਿਵਾੜੀ ਹਸਪਤਾਲ ਦੇ ਪ੍ਰਿੰਸੀਪਲ ਡਾ: ਅਰੁਣ ਜੋਸ਼ੀ ਨੇ ਕਿਹਾ ਕਿ ਐੱਚ.ਆਈ.ਵੀ. ਪਾਜ਼ੇਟਿਵ ਮਰੀਜ਼ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਸਾਵਧਾਨੀ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ ਤਾਂ ਜੋ ਐੱਚ.ਆਈ.ਵੀ. ਦੂਜੇ ਲੋਕਾਂ ਤੱਕ ਨਾ ਫੈਲ ਸਕੇ।