ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਦੇ ਬਟਾਲਾ ਰੋਡ ਇਲਾਕੇ ਵਿੱਚ ਕੁਝ ਅਣਪਛਾਤੇ ਪਗੜੀਧਾਰੀ ਨੌਜਵਾਨਾਂ ਵਲੋਂ ਇੱਕ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕੀਤੇ ਗਏ ਕਤਲ ਦੇ ਮਾਮਲੇ 'ਚ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਇਸ ਕਤਲ ਪਿੱਛੇ ਕਿਸੇ ਵੀ ਅੱਤਵਾਦੀ ਜੱਥੇਬੰਦੀ ਦਾ ਹੱਥ ਨਹੀਂ ਹੈ। ਡੀ.ਜੀ.ਪੀ. ਬੀਤੀ ਰਾਤ ਵਿਸ਼ੇਸ਼ ਤੌਰ 'ਤੇ ਅੰਮ੍ਰਿਤਸਰ ਪੁੱਜੇ ਸਨ। ਉਨ੍ਹਾਂ ਸਭ ਤੋਂ ਪਹਿਲਾਂ ਜ਼ਿਲ੍ਹੇ ਦੇ ਸਾਰੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਅੱਜ ਸਵੇਰੇ ਤਕਰੀਬ 8 ਵਜੇ ਉਹ ਉਸ ਥਾਂ 'ਤੇ ਪੁੱਜੇ ਜਿੱਥੇ ਵਿਪਨ ਸ਼ਰਮਾ ਦਾ ਕਤਲ ਕੀਤਾ ਗਿਆ ਸੀ। ਉਨ੍ਹਾਂ ਇਸ ਮਾਮਲੇ ਵਿੱਚ ਚੱਲ ਰਹੀ ਜਾਂਚ ਬਾਰੇ ਦੱਸਿਆ ਕਿ ਪੁਲਿਸ ਵਲੋਂ ਵਿਪਨ ਦੇ ਕਾਤਲਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਇਸ ਪੂਰੇ ਮਾਮਲੇ ਦਾ ਖੁਲਾਸਾ ਕਰ ਦਿੱਤਾ ਜਾਵੇਗਾ। ਡੀ.ਜੀ.ਪੀ. ਨੇ ਇਹ ਸਾਫ ਕੀਤਾ ਕਿ ਵਿਪਨ ਸ਼ਰਮਾ ਦਾ ਕਤਲ ਕਿਸੇ ਵੀ ਅੱਤਵਾਦੀ ਜਾਂ ਕਿਸੇ ਕੱਟੜ ਜੱਥੇਬੰਦੀ ਵਲੋਂ ਨਹੀਂ ਕੀਤਾ ਗਿਆ। ਇਸ ਕਤਲ ਦੇ ਪਿੱਛੇ ਕੁਝ ਹੋਰ ਵਜ੍ਹਾ ਸਾਹਮਣੇ ਆਈ ਹੈ ਜਿਸ ਬਾਰੇ ਹਾਲੇ ਹੋਰ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਹਿੰਦੂ ਸੰਘਰਸ਼ ਸੈਨਾ ਜੱਥੇਬੰਦੀ ਨਾਲ ਸਬੰਧਤ ਵਿਪਨ ਸ਼ਰਮਾ ਦੇ ਕਤਲ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਵਿੱਚ ਕੈਦ ਹੋਣ ਤੋਂ ਬਾਅਦ ਹਿੰਦੂ ਜੱਥੇਬੰਦੀਆਂ ਇਹ ਇਲਜ਼ਾਮ ਲਗਾ ਰਹੀਆਂ ਸਨ ਕਿ ਵਿਪਨ ਦਾ ਕਤਲ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਵਿਰੋਧ ਕਰਦਾ ਸੀ ਅਤੇ ਸੀ ਲਈ ਸਿੱਖ ਨੌਜਵਾਨਾਂ ਵਲੋਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸੂਤਰਾਂ ਮੁਤਾਬਿਕ ਵਿਪਨ ਸ਼ਰਮਾ ਦਾ ਕਤਲ ਕੁਝ ਗੈਂਗਸਟਰਾਂ ਵਲੋਂ ਕੀਤਾ ਗਿਆ ਹੈ ਅਤੇ ਇਹ ਹੀ ਕਾਰਨ ਹੈ ਕਿ ਅੰਮ੍ਰਿਤਸਰ ਜੇਲ ਵਿੱਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਏ ਤੋਂ ਇਲਾਵਾ ਕਈ ਹੋਰ ਗੈਂਗਸਟਰਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ ਕੀਤੀ ਗਈ ਜਾਂਚ ਮੁਤਾਬਿਕ ਵਿਪਨ ਨੂੰ ਆਪਸੀ ਰੰਜਿਸ਼ ਅਤੇ ਪੈਸੇ ਦੇ ਲੈਣ-ਦੇਣ ਚਲਦਿਆਂ ਕਤਲ ਕੀਤਾ ਗਿਆ ਸੀ।