ਵੈਨਕੂਵਰ: ਮੁਲਕ ਦੇ ਆਵਾਸ ਮੰਤਰੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਕ ਯੋਜਨਾ ਤਹਿਤ ਅਗਲੇ ਤਿੰਨ ਸਾਲਾਂ ਵਿੱਚ ਕੈਨੇਡਾ ਆਉਂਦੇ ਪਰਵਾਸੀਆਂ ਦੀ ਗਿਣਤੀ 10 ਲੱਖ ਕਰ ਦੇਵੇਗਾ। ਉਨ੍ਹਾਂ ਆਵਾਸ ਵਿੱਚ ਵਾਧੇ ਨੂੰ ਮੁਲਕ ਦੀ ਭਵਿੱਖੀ ਖੁਸ਼ਹਾਲੀ ਦੀ ‘ਜ਼ਾਮਨੀ’ ਕਰਾਰ ਦਿੱਤਾ ਹੈ।


ਆਪਣੀ ਸਰਕਾਰ ਦੀ ਆਵਾਸ ਨੀਤੀ ਦਾ ਵਿਸਥਾਰ ਦਿੰਦਿਆਂ ਆਵਾਸ ਮੰਤਰੀ ਅਹਿਮਦ ਹੁਸੈਨ ਨੇ ਸੰਸਦ ਨੂੰ ਦੱਸਿਆ ਕਿ 2036 ਤਕ ਮੁਲਕ ਵਿੱਚ ਬਜ਼ੁਰਗਾਂ/ਆਸ਼ਰਿਤਾਂ ਦੀ ਗਿਣਤੀ ਏਨੀ ਵਧ ਜਾਏਗੀ ਕਿ ਹਰੇਕ ਆਸ਼ਰਿਤ ਦੋ ਕਮਾਊਆਂ ਉੱਤੇ ਬੋਝ ਬਣ ਜਾਏਗਾ ਜਦਕਿ ਇਹ ਅਨੁਪਾਤ 1971 ’ਚ 7-1 ਸੀ ਤੇ ਹੁਣ 4.5-1 ਦਾ ਹੈ। ਉਨ੍ਹਾਂ ਦੱਸਿਆ ਕਿ ਉਕਤ 60 ਫੀਸਦੀ ਕਮਾਊਆਂ ਨੂੰ ਸੱਦਣ ਦੀ ਦਰ ’ਚ 26 ਫੀਸਦੀ ਮਾਪੇ ਤੇ ਪਤੀ/ਪਤਨੀ ਅਤੇ 14 ਫੀਸਦੀ ਪਨਾਹਗੀਰ ਜਾਂ ਹੋਰ ਦੇਸ਼ਾਂ ਦੇ ਨਕਾਰੇ ਲੋਕ ਹੋਣਗੇ। ਉਨ੍ਹਾਂ ਕਿਹਾ ਕਿ ਅਗਲੇ ਇਕ ਸਾਲ ਵਿੱਚ ਪਰਵਾਸੀਆਂ ਦੀ ਗਿਣਤੀ ਵਧਾਉਂਦਿਆਂ ਇਸ ਨੂੰ ਘੱਟੋ ਘੱਟ 3.10 ਲੱਖ ਕੀਤਾ ਜਾਵੇਗਾ। ਸਾਲ 2019 ਤੇ 2020 ਤਕ ਇਸ ਅੰਕੜੇ ਨੂੰ ਕ੍ਰਮਵਾਰ 3.30 ਲੱਖ ਤੇ 3.40 ਲੱਖ ਤਕ ਲਿਜਾਇਆ ਜਾਵੇਗਾ। ਹੁਸੈਨ ਨੇ ਇਸ ਸਾਲ ਜਨਵਰੀ ’ਚ ਆਵਾਸ ਮੰਤਰੀ ਦਾ ਅਹੁਦਾ ਸਾਂਭਿਆ ਸੀ ਤੇ ਉਹ ਖੁ਼ਦ ਵੀ ਪਰਵਾਸੀ ਹਨ।

ਹੁਸੈਨ ਨੇ ਕਿਹਾ,‘ਇਸ ਯੋਜਨਾ ਨਾਲ ਮੁਲਕ ਦੇ ਇਤਿਹਾਸ ਵਿੱਚ ਪਰਵਾਸ ਨਾਲ ਜੁੜੇ ਬਹੁਤ ਉਤਸ਼ਾਹੀ ਨਤੀਜੇ ਮਿਲਣਗੇ ਤੇ ਇਹ ਮੁਲਕ ਦੀ ਮੌਜੂਦਾ ਤੇ ਭਵਿੱਖੀ ਖ਼ੁਸ਼ਹਾਲੀ ਦੀ ਜ਼ਾਮਨੀ ਭਰਨਗੇ।’ ਕੈਨੇਡਾ ਵਿੱਚ ਹਰ ਸਾਲ ਆਰਥਿਕ ਤੇ ਪਰਿਵਾਰ ਸ਼੍ਰੇਣੀਆਂ ਸਮੇਤ ਵੱਡੀ ਗਿਣਤੀ ਸ਼ਰਨਾਰਥੀ ਪਰਵਾਸ ਕਰਦੇ ਹਨ, ਜੋ ਕਿ 0.9 ਫੀਸਦ ਦੇ ਕਰੀਬ ਹਨ ਤੇ ਹਾਲੀਆ ਸਾਲਾਂ ’ਚ ਇਹ ਅੰਕੜਾ 0.1 ਫੀਸਦ ਵਧਿਆ ਹੈ। ਉਧਰ ਆਲੋਚਕਾਂ ਦਾ ਕਹਿਣਾ ਹੈ ਕਿ ਮੁਲਕ ਦੀ ਆਬਾਦੀ ਤੇ ਜਨਮ ਦਰ ਵਿੱਚ ਆਏ ਨਿਘਾਰ ਕਰਕੇ ਕਾਰੋਬਾਰਾਂ ਤੇ ਕਿਰਤ ਨੂੰ ਢੋਹੀ ਦੇਣ ਲਈ ਕੈਨੇਡਾ ’ਚ ਸਾਲਾਨਾ 4.50 ਲੱਖ ਨਵੇਂ ਚਿਹਰਿਆਂ ਦੀ ਲੋੜ ਹੈ।