ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਵਿੱਚ ਤਾਜ਼ੇ ਸ਼ਾਮਲ ਹੋਏ ਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੰਨੀ ਦਿਓਲ ਖ਼ਾਸ ਅੰਦਾਜ਼ ਵਿੱਚ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨਗੇ। ਸੰਨੀ ਦਿਓਲ ਆਪਣੇ ਫ਼ਿਲਮੀ ਸੁਭਾਅ ਵਾਂਗਰ ਵੱਡੇ ਰੋਡ ਸ਼ੋਅ ਰਾਹੀਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਪਹੁੰਚਣਗੇ।


ਆਉਂਦੀ 29 ਅਪਰੈਲ ਨੂੰ ਸੰਨੀ ਦਿਓਲ ਪਹਿਲਾਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਫਿਰ ਗੁਰਦਾਸਪੁਰ ਲਈ ਕਾਫਲੇ ਦੇ ਰੂਪ ਵਿੱਚ ਜਾਣਗੇ। ਗੁਰਦਾਸਪੁਰ ਜਾ ਕੇ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ ਫਿਰ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਸੰਨੀ ਦਿਓਲ ਨਾਲ ਭਾਜਪਾ ਦੇ ਸਿਆਸੀ ਭਾਈਵਾਲ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਵੀ ਮੌਜੂਦ ਰਹਿਣਗੇ।

ਨਾਮਜ਼ਦਗੀ ਦਾਖ਼ਲ ਹੋਣ ਮਗਰੋਂ ਸੰਨੀ ਦੇ ਪਿਤਾ ਧਰਮਿੰਦਰ ਤੇ ਭਰਾ ਬੌਬੀ ਦਿਓਲ ਵੀ ਗੁਰਦਾਸਪੁਰ ਆਉਣਗੇ। ਇਸ ਤੋਂ ਇਲਾਵਾ ਕਈ ਫ਼ਿਲਮੀ ਹਸਤੀਆਂ ਵੀ ਸੰਨੀ ਦੇ ਚੋਣ ਪ੍ਰਚਾਰ ਦਾ ਹਿੱਸਾ ਰਹਿਣਗੀਆਂ। ਜਾਣਕਾਰੀ ਮੁਤਾਬਕ ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਨੌਂ ਵਿਧਾਨ ਸਭਾ ਖੇਤਰਾਂ ਵਿੱਚੋਂ ਹਰੇਕ 'ਚ ਤਕਰੀਬਨ ਡੇਢ ਦਿਨ ਗੁਜ਼ਾਰਨਗੇ। ਇਸ ਦੌਰਾਨ ਉਹ ਲਗਪਗ 10 ਮੁੱਖ ਸਮਾਗਮ ਤੇ ਕੁਝ ਹੋਰ ਪ੍ਰੋਗਰਾਮ ਵੀ ਕਰਨਗੇ।



ਸੰਨੀ ਦਿਓਲ ਦੇ ਨਾਂਅ ਦਾ ਐਲਾਨ ਹੁੰਦੇ ਹੀ ਗੁਰਦਾਸਪੁਰ ਵਿੱਚ ਭਾਜਪਾ ਕਾਰਕੁੰਨ ਸਰਗਰਮ ਹੋ ਗਏ ਹਨ। ਪਿਛਲੀ ਵਾਰ ਆਪਣੇ ਹੱਥੋਂ ਗੁਰਦਾਸਪੁਰ ਸੀਟ ਖਿਸਕ ਕੇ ਕਾਂਗਰਸ ਕੋਲ ਚਲੇ ਜਾਣ ਕਾਰਨ ਭਾਜਪਾ ਇਸ ਵਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ।

ਉੱਧਰ, ਸ਼ੁੱਕਰਵਾਰ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸੰਸਦੀ ਹਲਕੇ ਵਿੱਚ ਕਿਸੇ ਫ਼ਿਲਮੀ ਕਲਾਕਾਰ ਦੀ ਨਹੀਂ ਚੱਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਸੰਨੀ ਦੀ ਜ਼ਮਾਨਤ ਜ਼ਬਤ ਕਰਵਾ ਕੇ ਭੇਜਣਗੇ। ਜਾਖੜ ਨੇ ਦਾਅਵਾ ਕੀਤਾ ਉਨ੍ਹਾਂ ਦੀ ਟੱਕਰ ਸੰਨੀ ਦਿਓਲ ਨਾਲ ਨਹੀਂ ਬਲਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਹੈ ਜੋ ਵੱਡੇ ਐਕਟਰ ਹਨ।