ਚੰਡੀਗੜ੍ਹ: ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਮਗਰੋਂ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਦੀ ਬਗਾਵਤ ਨੇ ਅਕਾਲੀ ਦਲ ਅੰਦਰ ਤਰਥੱਲੀ ਮਚਾ ਦਿੱਤੀ ਹੈ। ਉਧਰ, ਅਕਾਲੀ ਦਲ ਨੇ ਵੀ ਢੀਂਡਸਾ ਪਿਉ-ਪੁੱਤ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾਉਣ ਦੀ ਤਿਆਰੀ ਵਿੱਢ ਦਿੱਤੀ ਹੈ। ਇਸ ਦੀ ਸ਼ੁਰੂਆਤ ਅੱਜ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਵਿੱਚੋਂ ਹੀ ਕੀਤੀ ਗਈ।


ਅੱਜ ਦੋਵੇਂ ਜ਼ਿਲ੍ਹਿਆਂ ਦੇ ਬਾਦਲ ਪੱਖੀ ਲੀਡਰਾਂ ਨੇ ਮਤਾ ਪਾਸ ਕਰਕੇ ਢੀਂਡਸਾ ਪਰਿਵਾਰ 'ਤੇ ਪਾਰਟੀ ਨੂੰ ਤੋੜਨ ਦੀਆਂ ਸਰਗਰਮੀਆਂ ਦੇ ਇਲਜ਼ਾਮ ਲਾਏ ਗਏ। ਇਨ੍ਹਾਂ ਲੀਡਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਢੀਂਡਸਾ ਪਿਉ-ਪੁੱਤ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਲਿਖਿਆ ਹੈ।

ਦੂਜੇ ਪਾਸੇ ਢੀਂਡਸਾ ਪਰਿਵਾਰ ਵੀ ਹਰ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਹੈ। ਇਸ ਲਈ ਹੀ ਹੁਣ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਖੁੱਲ੍ਹ ਕੇ ਬੋਲ ਰਹੇ ਹਨ। ਢੀਂਡਸਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਕਾਲੀ ਦਲ ਨਹੀਂ ਛੱਡਣਗੇ ਪਰ ਜੇ ਸੁਖਬੀਰ ਚਾਹੇ ਤਾਂ ਉਨ੍ਹਾਂ ਨੂੰ ਕੱਢ ਸਕਦਾ ਹੈ।

ਸਥਾਨਕ ਲੀਡਰਸ਼ਿਪ ਵੱਲੋਂ ਵਿੱਢੀ ਮੁਹਿੰਮ ਤੋਂ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਸਭ ਕੁਝ ਹਾਈਕਮਾਨ ਦੇ ਇਸ਼ਾਰੇ 'ਤੇ ਹੀ ਹੋ ਰਿਹਾ ਹੈ। ਇਸ ਲਈ ਪਹਿਲਾਂ ਹੇਠਾਂ ਮਾਹੌਲ ਬਣਨ ਮਗਰੋਂ ਹੀ ਸੁਖਬੀਰ ਬਾਦਲ ਢੀਂਡਸਾ ਪਰਿਵਾਰ ਖਿਲਾਫ ਕਾਰਵਾਈ ਕਰਨਗੇ। ਇਸ ਨਾਲ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਢੀਂਡਸਾ ਪਰਿਵਾਰ ਦਾ ਜ਼ੱਦੀ ਜ਼ਿਲ੍ਹਿਆਂ ਅੰਦਰ ਵੀ ਕੋਈ ਆਧਾਰ ਨਹੀਂ।