ਢੀਂਡਸਾ ਪਰਿਵਾਰ ਨੇ ਛੱਡਿਆ ਸੰਗਰੂਰ ਦਾ ਮੈਦਾਨ
ਏਬੀਪੀ ਸਾਂਝਾ | 22 Jan 2019 05:43 PM (IST)
ਸੰਗਰੂਰ: ਢੀਂਡਸਾ ਪਰਿਵਾਰ ਨੇ ਸੰਗਰੂਰ ਦਾ ਮੈਦਾਨ ਛੱਡ ਦਿੱਤਾ ਹੈ। ਸਾਬਕਾ ਖਜ਼ਾਨਾ ਮੰਤਰੀ ਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਪਰਿਵਾਰ ਲੋਕ ਸਭਾ ਚੋਣ ਨਹੀਂ ਲੜੇਗਾ। ਉਨ੍ਹਾਂ ਕਿਹਾ ਕਿ ਪਾਰਟੀ ਫੈਸਲਾ ਲਵੇਗੀ ਕਿ ਸੰਗਰੂਰ ਹਲਕੇ ਤੋਂ ਕਿਸ ਨੂੰ ਚੋਣ ਲੜਾਉਣੀ ਹੈ। ਉਨ੍ਹਾਂ ਕਿਹਾ ਕਿ ਉਹ ਆਗਾਮੀ ਲੋਕ ਸਭਾ ਚੋਣ ਲੜਨ ਦੇ ਇਛੁੱਕ ਨਹੀਂ ਹਨ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ’ਚੋਂ ਕੋਈ ਹੋਰ ਸ਼ਖ਼ਸ ਚੋਣ ਲੜਨਾ ਚਾਹੁੰਦਾ ਹੈ। ਦਰਅਸਲ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਤੋਂ ਅਸਤੀਫਾ ਦੇਣ ਮਗਰੋਂ ਚਰਚਾ ਸੀ ਕਿ ਹਲਕਾ ਸੰਗਰੂਰ ਤੋਂ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਚੋਣ ਲੜ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਚੋਣ ਲੜਣ ਲਈ ਹੁਕਮ ਦਿੰਦੀ ਹੈ ਤਾਂ ਉਹ ਇਸ ਸਬੰਧੀ ਪਾਰਟੀ ਆਗੂਆਂ ਨਾਲ ਗੱਲਬਾਤ ਕਰਨਗੇ ਪਰ ਹਾਲੇ ਤੱਕ ਸੰਗਰੂਰ ਤੋਂ ਉਮੀਦਵਾਰ ਦੀ ਚੋਣ ਨੂੰ ਲੈ ਕੇ ਪਾਰਟੀ ਪੱਧਰ ’ਤੇ ਕੋਈ ਵੀ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਲਹਿਰਾਗਾਗਾ ਤੋਂ ਵਿਧਾਇਕ ਹਨ ਤੇ ਉਹ ਵਿਧਾਨ ਸਭਾ ਵਿੱਚ ਆਪਣੇ ਹਲਕੇ ਦੀ ਨੁਮਾਇੰਦਗੀ ਕਰਦੇ ਹੋਏ ਸਮੱਸਿਆਵਾਂ ਉਠਾਉਂਦੇ ਹਨ।