ਚੰਡੀਗੜ੍ਹ: ਕੈਨੇਡਾ ਦੇ ਮੋਹਰੀ ਸਿੱਖ ਤੇ ਨਿਊ ਡੈਮੋਕਰੈਟਿਕ ਪਾਰਟੀ (ਐਨਡੀਪੀ) ਦੇ ਪਹਿਲੇ ਸਿੱਖ ਲੀਡਰ ਜਗਮੀਤ ਸਿੰਘ ਨੇ ਆਖਰਕਾਰ ਆਪਣੇ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਨੂੰ ਜਨਤਕ ਕਰ ਦਿੱਤਾ ਹੈ। ਜਗਮੀਤ ਸਿੰਘ ਆਪਣੇ ਵੱਖਰੇ ਅੰਦਾਜ਼ ਤੇ ਸਟਾਈਲ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ। ਹਾਲਾਂਕਿ ਇਹ ਮਕਸਦ ਉਨ੍ਹਾਂ ਲਈ ਕਾਫੀ ਮੁਸ਼ਕਲ ਸਾਬਤ ਹੋ ਸਕਦਾ ਹੈ।

ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਬਰਨਬੀ ਸਾਊਥ ਫੈਡਰਲ ਸੀਟ ਜਿੱਤਣ ਦਾ ਦਾਅਵਾ ਕੀਤਾ ਹੈ। ਫਰਵਰੀ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਉਨ੍ਹਾਂ ਲਈ ਅਜਮਾਇਸ਼ ਸਾਬਤ ਹੋ ਸਕਦੀਆਂ ਹਨ। ਹਾਲਾਂਕਿ ਬਰਨਬੀ ਦੱਖਣੀ ਹਲਕਾ ਜਿੱਤਣਾ ਵੀ ਸਿੰਘ ’ਤੇ ਵੱਡਾ ਦਬਾਅ ਪਾ ਰਿਹਾ ਹੈ। ਇਸ ਦਾ ਇੱਕ ਮੁੱਖ ਕਾਰਨ ਇਹ ਹੈ ਕਿ 1942 ਤੋਂ ਕਿਸੇ ਪ੍ਰਮੁੱਖ ਫੈਡਰਲ ਪਾਰਟੀ ਦੇ ਲੀਡਰ ਕਦੇ ਜ਼ਿਮਨੀ ਚੋਣਾਂ ਨਹੀਂ ਹਾਰੇ।

ਬਰਨਬੀ ਦੱਖਣੀ ਤੋਂ ਜ਼ਿਮਨੀ ਚੋਣ ਲਈ ਸੱਤਾਧਾਰੀ ਲਿਬਰਲਸ ਦੇ ਰਿਚਰਡ ਟੀ ਲੀ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਖਿਲਾਫ ਦਾਅਵੇਦਾਰੀ ਪੇਸ਼ ਕਰਦੇ ਨਜ਼ਰ ਆਉਣਗੇ। ਸਾਬਕਾ ਸੂਬਾਈ ਵਿਧਾਇਕ ਰਿਚਰਡ ਟੀ ਲੀ ਹੁਣ 25 ਫਰਵਰੀ ਨੂੰ ਹੋਣ ਜਾ ਰਹੀ ਉਪ ਚੋਣ ਵਿਚ ਲਿਬਰਲ ਪਾਰਟੀ ਲਈ ਕੈਰਨ ਵਾਂਗ ਦੀ ਜਗ੍ਹਾ ਦਾਅਵੇਦਾਰੀ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਲੀ ਨੂੰ ਸਾਲ 2001 ਵਿੱਚ ਬਰਨਬੀ ਨੌਰਥ ਦੀ ਰਾਈਡਿੰਗ ਤੋਂ ਚੁਣਿਆ ਗਿਆ ਸੀ।

ਜਗਮੀਤ ਸਿੰਘ ਦੀ ਫੈਨ ਫੌਲੋਇੰਗ ਕਾਫੀ ਵੱਧ ਹੈ। ਖਾਸ ਤੌਰ 'ਤੇ ਉੱਤਰੀ ਤੇ ਪੂਰਬੀ ਇਲਾਕਿਆਂ ਵਿਚਲੇ ਨੌਜਵਾਨਾਂ ਵਿੱਚ ਉਨ੍ਹਾਂ ਦਾ ਵੱਖਰਾ ਕਰੇਜ਼ ਹੈ। ਉਹ ਇੱਕੋ-ਇੱਕ ਸਿੱਖ ਹਨ ਜਿਨ੍ਹਾਂ ਕੈਨੇਡਾ ਦੀਆਂ ਤਿੰਨ ਕੌਮੀ ਸਿਆਸੀ ਪਾਰਟੀਆਂ ਵਿੱਚੋਂ ਇੱਕ ਦੀ ਟੌਪ ਸਲੌਟ ਹਾਸਲ ਕੀਤੀ ਤੇ 2017 ਵਿੱਚ ਇਤਿਹਾਸ ਸਿਰਜਿਆ।