ਚੰਡੀਗੜ੍ਹ: ਐਸਐਸਪੀ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਤੇ ਏਆਈਜੀ ਇੰਟੈਲੀਜੈਂਸ ਵਰਿੰਦਰਪਾਲ ਸਿੰਘ ਨੇ ਅੱਜ ਗ੍ਰਿਫ਼ਤਾਰ ਕੀਤੇ ਬਦਮਾਸ਼ ਦਿਲਪ੍ਰੀਤ ਢਾਹਾਂ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਵੱਡਾ ਖ਼ੁਲਾਸਾ ਕੀਤਾ ਹੈ ਕਿ ਦਿਲਪ੍ਰੀਤ 2017 ਤੋਂ ਚੰਡੀਗੜ੍ਹ ਦੇ ਸੈਕਟਰ 38 ਵਿੱਚ ਮਕਾਨ ਨੰਬਰ 2567 ਵਿੱਚ ਹੀ ਰਹਿ ਰਿਹਾ ਸੀ ਜਿਸ ਦੀ ਚੰਡੀਗੜ੍ਹ ਪੁਲਿਸ ਨੂੰ ਭਿਣਕ ਤਕ ਨਹੀਂ ਲੱਗੀ।

ਗ੍ਰਿਫ਼ਤਾਰੀ ਦੌਰਾਨ ਦਿਲਪ੍ਰੀਤ ਕੋਲੋਂ 30 ਬੋਰ ਪਿਸਟਲ ਤੇ 30 ਬੋਰ ਰਾਈਫਲ ਬਰਾਮਦ ਹੋਈ ਹੈ। ਉਸ ’ਤੇ NDPS ਐਕਟ ਤੇ ARMS ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਉਹ ਸਿਨਥੈਟਿਕ ਨਸ਼ੇ ਦਾ ਵੀ ਆਦੀ ਸੀ।

ਅੱਜ ਚੰਡੀਗੜ੍ਹ ਵਿੱਚ ਜਦੋਂ ਪੁਲਿਸ ਦਿਲਪ੍ਰੀਤ ਦੀ ਕਾਰ ਦਾ ਪਿੱਛਾ ਕਰ ਰਹੀ ਸੀ ਤਾਂ ਥਾਣੇਦਾਰ ਸ਼ਿਵ ਕੁਮਾਰ ਨੇ ਦਿਲਪ੍ਰੀਤ ਦੀ ਗੱਡੀ ਨੂੰ ਰੋਕਣ ਲਈ ਗੱਡੀ ਦੇ ਟਾਇਰ ਵਿੱਚ ਗੋਲ਼ੀ ਚਲਾਈ। ਮੁਕਾਬਲੇ ਦੌਰਾਨ ਦਿਲਪ੍ਰੀਤ ਨੇ ਦੋ ਗੋਲ਼ੀਆਂ ਚਲਾਈਆਂ ਤੇ ਇਸ ਦੀ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ। ਇਸ ਦੌਰਾਨ ਦਿਲਪ੍ਰੀਤ ਜ਼ਖ਼ਮੀ ਹੋ ਗਿਆ ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਚੰਡੀਗੜ੍ਹ ਦੇ PGI ਹਸਪਤਾਲ ਦਾਖ਼ਲ ਕਰਾ ਦਿੱਤਾ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।