ਸ਼੍ਰੀਨਗਰ/ਦੀਨਾਨਗਰ: ਪਾਕਿਸਤਾਨ ਨੇ ਭਾਰਤ ਦੇ ਸਰਜੀਕਲ ਹਮਲੇ ਦਾ ਬਦਲਾ ਲੈਣ ਦੀ ਨਵੀਂ ਰਣਨੀਤੀ ਖੜ੍ਹੀ ਹੈ। ਇਸ ਮਕਸਦ ਲਈ ਐਤਵਾਰ ਰਾਤ ਪਾਕਿਸਤਾਨ ਨੇ ਬਾਰਾਮੂਲਾ ਤੇ ਦੀਨਾਨਗਰ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਦੀ ਇਹ ਕਾਰਵਾਈ ਭਾਰਤ ਦੇ ਸਰਜੀਕਲ ਹਮਲੇ ਤੋਂ ਠੀਕ ਤਿੰਨ ਦਿਨ ਬਾਅਦ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਐਤਵਾਰ ਰਾਤ ਛੇ ਅੱਤਵਾਦੀਆਂ ਨੇ ਬਾਰਾਮੂਲਾ ਵਿੱਚ 46 ਰਾਸ਼ਟਰੀ ਰਾਈਫਲਜ਼ ਤੇ ਬੀ.ਐਸ.ਐਫ. ਦੇ ਕੈਂਪਾਂ 'ਤੇ ਜ਼ੋਰਦਾਰ ਹਮਲਾ ਕੀਤਾ। ਇਹ ਹਮਲਾ ਰਾਤ ਸਾਢੇ 10 ਵਜੇ ਕੀਤਾ ਗਿਆ। ਇਸ ਹਮਲੇ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਪੰਜ ਜਵਾਨ ਜ਼ਖ਼ਮੀ ਹੋ ਗਏ। ਸਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ।
ਅੱਤਵਾਦੀਆਂ ਨੇ ਦੂਜਾ ਨਿਸ਼ਾਨਾ ਦੀਨਾਨਗਰ ਨੂੰ ਬਣਾਇਆ। ਰਾਤ ਡੇਢ ਵਜੇ ਦੀਨਾਨਗਰ ਵਿੱਚ ਚੱਕੀ ਪੋਸਟ ਦੇ ਸਾਹਮਣੇ ਗੇਟ ਨੰਬਰ-19 ਕੋਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਅੱਤਵਾਦੀਆਂ ਦੀ ਇਹ ਕਾਰਵਾਈ ਇਮੇਜਿੰਗ ਸੈਂਸਰਜ਼ ਵਿੱਚ ਆ ਗਈ। ਅੱਤਵਾਦੀਆਂ ਦੀ ਗਿਣਤੀ 9-10 ਸੀ।
ਬੀ.ਐਸ.ਐਫ. ਨੇ ਫਾਇਰਿੰਗ ਕੀਤੇ ਤਾਂ ਅੱਤਵਾਦੀ ਵਾਪਸ ਪਰਤ ਗਏ। ਪਤਾ ਲੱਗਾ ਹੈ ਕਿ ਖੁਫੀਆ ਏਜੰਸੀਆਂ ਨੂੰ ਅੱਤਵਾਦੀਆਂ ਦੇ ਪਲਟੀ ਲੈਵਲ ਹਮਲੇ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸ ਲਈ ਸੁਰੱਖਿਆ ਬਲ ਚੌਕਸ ਸਨ। ਖੁਫੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਨੇ ਇਹ ਰਣਨੀਤੀ ਸਰਜੀਕਲ ਹਮਲੇ ਦਾ ਬਦਲਾ ਲੈਣ ਲਈ ਘਰੀ ਹੈ।