ਜਲਾਲਾਬਾਦ: ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਇਸ ਸਮੇਂ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਜਿੱਥੇ ਇੱਕ ਪਾਸੇ ਹਰਿਆਣਾ ਅਕਾਲੀ-ਬੀਜੇਪੀ ਦੇ ਰਾਹ ਵੱਖ ਹੋ ਚੁੱਕੇ ਹਨ ਉੱਥੇ ਹੀ ਦੂਜੇ ਪਾਸੇ ਸੂਬੇ ਦੇ ਜਲਾਲਾਬਾਦ ਜ਼ਿਲ੍ਹੇ ‘ਚ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਦੇ ਦਫਤਰ ਦੇ ਉਦਘਾਟਨ ਸਮੇਂ ਬੀਜੇਪੀ ਵਰਕਰ ਅਕਾਲੀਆਂ ਦੇ ਨਾਲ ਨਜ਼ਰ ਆਏ। ਇਸ ਮੌਕੇ ਹੋਰ ਕਈ ਨੇਤਾ ਇੱਕਠੇ ਨਜ਼ਰ ਆਏ।

ਇਸ ਮੌਕੇ ਇੱਕਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਨੇਤਾ ਸਤਿੰਦਰ ਸਿੰਘ ਮੰਟਾ ਨੇ ਕਿਹਾ ਕਿ ਇਹ ਸੀਟ ਤਾਂ ਅਸੀਂ ਜਿੱਤ ਚੁੱਕੇ ਹਾਂ ਬੱਸ ਹੁਣ ਨਤੀਜਾ ਆਉਣਾ ਹੀ ਬਾਕੀ ਹੈ। ਮੰਟਾ ਨੇ ਕਾਂਗਰਸ ਉਮੀਦਵਾਰ ਰਮਿੰਦਰ ਆਵਲਾ ਬਾਰੇ ਬੋਲਦਿਆਂ ਕਿਹਾ ਕਿ ਉਹ ਆਪਣੇ ਭਾਸ਼ਣਾਂ ‘ਚ ਸਾਡੇ ਬਾਰੇ ਕਾਫੀ ਗਲਤ ਬੋਲਦੇ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੇ ਦਿਲਾਂ ‘ਚ ਰਾਜ ਕਰਦਾ ਹੈ।

ਇਸੇ ਮੰਚ ਤੋਂ ਬੀਜੇਪੀ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਕਾਂਗਰਸ ਨੇ ਕਿਸੇ ਬਾਹਰੀ ਉਮੀਦਵਾਰ ਨੂੰ ਇੱਥੋਂ ਟਿਕਟ ਦਿੱਤੀ ਹੈ ਜੇਕਰ ਸਥਾਨਕ ਲੋਕਾਂ ਨੂੰ ਕੰਮ ਹੋਵੇਗਾ ਤਾਂ ਉਹ ਨੇਤਾਵਾਂ ਪਿੱਛੇ ਕਿੱਥੇ ਜਾਣਗੇ।

ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਉਹ ਵੀ ਜ਼ਿਮਨੀ ਚੋਣਾਂ ‘ਚ ਜਿੱਤ ਹਾਸਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।ਆਮ ਆਦਮੀ ਪਾਰਟੀ ਨੇ ਇੱਥੋਂ ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਨੂੰ ਮੈਦਾਨ ‘ਚ ਉਤਾਰਿਆ ਹੈ। ਜਿਨ੍ਹਾਂ ਦੇ ਲਈ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ ਪ੍ਰਚਾਰ ਕਰ ਰਹੇ ਹਨ।

ਮਹਿੰਦਰ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਅਕਾਲੀ ਅਤੇ ਕਾਂਗਰਸ ਪਾਰਟੀ ‘ਤੇ ਖੂਬ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਮਿਲੀਆਂ ਹੋਇਆਂ ਹਨ। ਕਾਂਗਰਸ ਪਾਰਟੀ ਨੇ ਸੱਤਾ ‘ਚ ਆਉਣ ਤੋਂ ਪਹਿਲਾ ਕਈ ਵਾਅਦੇ ਕੀਤੇ ਸੀ ਜਿਨ੍ਹਾਂ ਚੋਂ ਉਨ੍ਹਾਂ ਨੇ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸ ਕਿਸੇ ਵੀ ਪਾਰਟੀ ਨੇ ਸੂਬੇ ਦਾ ਵਿਕਾਸ ਨਹੀ ਕੀਤਾ।