ਪਟਿਆਲਾ: ਥਾਣਾ ਸਿਵਲ ਲਾਈਨਜ਼ ਅਧੀਨ ਪੈਂਦੀ ਅਫਸਰ ਕਲੋਨੀ ਵਿੱਚ ਮਕਾਨ ਨੰਬਰ 18 ਸੀ ਵਿੱਚ ਰਹਿ ਰਹੇ ਤੇ ਪਟਿਆਲਾ ਵਿੱਚ ਸ਼ਾਹੀ ਦਵਾਖਾਨਾ ਚਲਾ ਰਹੇ ਡਾ. ਨਰੇਸ਼ ਗੌੜ ਵੱਲੋਂ ਘਰ ਵਿੱਚ ਹੀ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੈ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਮਰੇ ਵਿੱਚੋਂ ਗੋਲੀਆਂ ਦੇ ਦੋ ਖੋਲ੍ਹ ਵੀ ਬਰਮਾਦ ਕੀਤੇ ਹਨ।


ਖੁਦਕੁਸ਼ੀ ਕਰਨ ਵਾਲੇ ਡਾ. ਨਰੇਸ਼ ਗੌੜ ਪਿਛਲੇ ਲੰਮੇ ਸਮੇਂ ਤੋਂ ਪਟਿਆਲਾ ਵਿੱਚ ਹੀ ਸ਼ਾਹੀ ਦਵਾਖਾਨਾ ਚਲਾ ਰਹੇ ਸਨ। ਅੱਜ ਸਵੇਰੇ ਤੜਕੇ ਡਾ. ਗੌੜ ਵੱਲੋਂ ਆਪਣੀ ਹੀ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਅਫਸਰ ਕਲੋਨੀ ਪੁਲਿਸ ਚੌਕੀ ਦੇ ਇੰਚਾਰਜ ਗੁਰਪਿਆਰ ਸਿੰਘ ਨੇ ਦੱਸਿਆ ਕਿ ਡਾ. ਗੌੜ ਵੱਲੋਂ ਖੁਦਕੁਸ਼ੀ ਲਈ ਦੋ ਗੋਲੀਆਂ ਚਲਾਈਆਂ ਗਈਆਂ ਸਨ। ਇਨ੍ਹਾਂ ਦੇ ਖੋਲ੍ਹ ਕਮਰੇ ਵਿੱਚੋਂ ਹੀ ਬਰਮਾਦ ਹੋਏ ਹਨ। ਖੁਦਕੁਸ਼ੀ ਲਈ ਵਰਤੀ ਗਈ ਰਿਵਾਲਵਰ ਵੀ ਡਾ. ਗੌੜ ਦੇ ਬੈੱਡ ਤੋਂ ਹੀ ਬਰਾਮਦ ਕੀਤੀ ਗਈ।

ਡਾ. ਗੌੜ ਦੇ ਕਮਰੇ ਨੂੰ ਦੇਖਿਆ ਜਾਵੇ ਤਾਂ ਇੱਕ ਗੋਲੀ ਕਮਰੇ ਦੀ ਛੱਤ ਵਿੱਚ ਲੱਗੀ ਹੋਈ ਹੈ ਤੇ ਨਾਲ ਹੀ ਖਿੜਕੀ ਦਾ ਕੱਚ ਵੀ ਟੁੱਟਿਆ ਦਿਖਾਈ ਦਿੱਤਾ। ਘਟਨਾ ਵੇਲੇ ਡਾ. ਗੌੜ ਦੀ ਪਤਨੀ ਤੇ ਉਨ੍ਹਾਂ ਦਾ ਬੇਟਾ ਆਪਣੇ ਆਪਣੇ ਕਮਰੇ ਵਿੱਚ ਸਨ। ਗੋਲੀ ਚੱਲਣ ਤੋਂ ਬਾਅਦ ਡਾ. ਗੌੜ ਨੂੰ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਵੀ ਲਿਜਾਇਆ ਗਿਆ। ਉਦੋ ਤੱਕ ਡਾ. ਗੌੜ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਡਾਂ ਗੌੜ ਵੱਲੋਂ ਕੀਤੀ ਗਈ ਖੁਦਕੁਸ਼ੀ ਦਾ ਕਾਰਨ ਕੀ ਸੀ? ਇਸ ਬਾਰੇ ਹਾਲੇ ਕੁਝ ਵੀ ਆਖਿਆ ਨਹੀਂ ਜਾ ਰਿਹਾ ਪਰ ਪੁਲਿਸ ਅਨੁਸਾਰ ਇਸ ਘਟਨਾ ਦੀ ਫੋਰੈਂਸਿਕ ਟੀਮ ਦੀ ਸਹਾਇਤਾ ਨਾਲ ਜਾਂਚ ਸ਼ੁਰੂ ਕੀਤੀ ਗਈ ਹੈ।