ਬਰਨਾਲਾ: ਇੱਥੋਂ ਦੇ ਸਿਵਲ ਹਸਪਤਾਲ ਵਿੱਚ ਡਾਕਟਰ ਨਾਲ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਾਥੀ ਡਾਕਟਰਾਂ ਨੇ ਸਿਹਤ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਮਹਿਲਾ ਮਰੀਜ਼ ਨਾਲ ਆਏ ਦੋ ਵਿਅਕਤੀਆਂ ਨੇ ਡਾਕਟਰ ਨਾਲ ਕਥਿਤ ਤੌਰ 'ਤੇ ਕੁੱਟਮਾਰ ਕੀਤੀ।   ਡਾਕਟਰ ਪਰਵੇਸ਼ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਓਪੀਡੀ ਦੇ ਮਰੀਜ਼ਾਂ ਦੀ ਜਾਂਚ ਕਰ ਰਹੇ ਸਨ ਤਾਂ ਇੱਕ ਔਰਤ ਮਰੀਜ਼ ਨੇ ਆਪਣੀ ਵਾਰੀ ਤੋਂ ਪਹਿਲਾਂ ਉਸ ਦੀ ਜਾਂਚ ਕਰਨ ਲਈ ਕਿਹਾ। ਡਾਕਟਰ ਨੇ ਉਨ੍ਹਾਂ ਨੂੰ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਉਹ ਐਮਰਜੈਂਸੀ ਵਿੱਚ ਦਾਖ਼ਲ ਹੋ ਜਾਵੇ। ਡਾਕਟਰ ਮੁਤਾਬਕ ਇੰਨਾ ਕਹਿਣ 'ਤੇ ਮਰੀਜ਼ ਨਾਲ ਆਏ ਦੋ ਪੁਰਸ਼ਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਛਡਵਾਇਆ ਤੇ ਉਹ ਉੱਥੋਂ ਫਰਾਰ ਹੋ ਗਏ। ਬਰਨਾਲਾ ਦੇ ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੱਧੂ ਨੇ ਦੱਸਿਆ ਕਿ ਅਜਿਹੀ ਘਟਨਾ ਪਹਿਲਾਂ ਵੀ ਹੋ ਚੁੱਕੀ ਹੈ ਇਸ ਲਈ ਉਹ ਮੈਡੀਕਲ ਸੇਵਾਵਾ ਬੰਦ ਕਰ ਰਹੇ ਹਨ। ਡਾਕਟਰਾਂ ਨੇ ਕਿਹਾ ਕਿ ਜਿੰਨਾ ਚਿਰ ਮੁਲਜ਼ਮ ਫੜੇ ਨਹੀਂ ਜਾਂਦੇ ਉਹ ਸਿਰਫ਼ ਐਮਰਜੈਂਸੀ ਮਰੀਜ਼ਾਂ ਦਾ ਹੀ ਇਲਾਜ ਕਰਨਗੇ ਤੇ ਓਪੀਡੀ ਨੂੰ ਬੰਦ ਕਰ ਰਹੇ ਹਨ। ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਸਦਰ ਦੇ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਡਾਕਟਰ ਦੇ ਬਿਆਨ ਕਲਮਬੱਧ ਕਰ ਲਏ ਹਨ ਤੇ ਮੁਲਜ਼ਮਾਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।