ਅਮਨਦੀਪ ਦੀਕਸ਼ਿਤ   ਚੰਡੀਗੜ੍ਹ: ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਦੇ ਖਾਸ ਡਾਕਟਰ ਐਮ.ਪੀ. ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ PGI ਚੰਡੀਗੜ੍ਹ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾ. ਐਮ.ਪੀ. ਸਿੰਘ 'ਤੇ ਇਲਜ਼ਾਮ ਹੈ ਕਿ ਉਸ ਨੇ ਡੇਰਾ ਸਿਰਸਾ ਦੇ ਸਾਧੂਆਂ ਨੂੰ ਨਪੁੰਸਕ ਬਣਾਇਆ ਸੀ। ਡੇਰੇ ਸਿਰਸਾ ਦੇ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਨਾਲ ਨਾਲ ਐਮ.ਪੀ. ਸਿੰਘ ਪੰਚਕੂਲਾ ‘ਚ ਹਿੰਸਾ ਭੜਕਾਉਣ ਦੇ ਇਲਜ਼ਾਮ ਹੇਠ ਅੰਬਾਲਾ ਜੇਲ ‘ਚ ਬੰਦ ਹੈ। ਐਮ.ਪੀ. ਸਿੰਘ ਨੂੰ 25 ਅਪ੍ਰੈਲ ਨੂੰ ਛਾਤੀ ‘ਚ ਦਰਦ ਦੀ ਸ਼ਿਕਾਇਤ ਹੋਈ, ਜਿਸਦੇ ਬਾਅਦ ਉਸ ਨੂੰ PGI ਚੰਡੀਗੜ੍ਹ ਭਰਤੀ ਕਰਾਇਆ ਗਿਆ।
ਡਾਕਟਰ ਐਮ.ਪੀ. ਸਿੰਘ ਦੇ ਵਕੀਲ ਨੇ ਪੰਚਕੂਲਾ ਦੀ ਅਦਾਲਤ ‘ਚ ਉਸ ਦੀ ਅੰਤਰਿਮ ਜ਼ਮਾਨਤ ਦੀ ਗੁਜ਼ਾਰਿਸ਼ ਕੀਤੀ ਹੈ। ਅੰਤਰਿਮ ਬੇਲ ਲਈ ਅਦਾਲਤ ਨੂੰ ਦੱਸਿਆ ਕਿ PGI ਨੇ ਅਰਜੇਂਟ ਆਪ੍ਰੇਸ਼ਨ ਲਈ ਲਿਖਿਆ ਹੈ, ਜਿਸ ਕਰ ਕੇ ਐਮਪੀ ਸਿੰਘ ਨੂੰ ਇਲਾਜ਼ ਵਾਸਤੇ ਦਿੱਲੀ ਲਿਜਾਣ ਦੀ ਜ਼ਰੂਰਤ ਪੈ ਸਕਦੀ ਹੈ। ਸ਼ੁਕਰਵਾਰ ਨੂੰ ਡੇਰੇ ਦੇ ਵਕੀਲਾਂ ਨੇ ਪੰਚਕੂਲਾ ਦੀ ਅਦਾਲਤ ‘ਚ ਅਰਜ਼ੀ ਲਗਾਈ ਸੀ ਤੇ ਅਦਾਲਤ ਨੇ ਇਸ ਦੀ ਸੁਣਵਾਈ ਅਦਾਲਤ ਨੇ 1 ਮਈ ਨੂੰ ਰੱਖੀ ਹੈ। 400 ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ‘ਚ ਡਾਕਟਰ ਐਮ.ਪੀ. ਸਿੰਘ, ਡਾਕਟਰ ਪੰਕਜ ਗਰਗ ਤੇ ਬਾਬਾ ਰਾਮ ਰਹੀਮ ਦੇ ਖਿਲਾਫ CBI ਨੇ ਇੱਕ ਫਰਵਰੀ ਨੂੰ ਪੰਚਕੂਲਾ ਦੀ ਅਦਾਲਤ ‘ਚ ਚਲਾਣ ਪੇਸ਼ ਕੀਤਾ ਸੀ। ਇਸ ਸਬੰਧੀ CBI ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ 7 ਜਨਵਰੀ 2015 ਨੂੰ ਮਾਮਲਾ ਦਰਜ ਕੀਤਾ ਸੀ।