ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ ਅੱਜ ਚੰਡੀਗੜ੍ਹ ਵਿੱਚ ਵੱਖ-ਵੱਖ ਧਿਰਾਂ ਨਾਲ ਮੀਟਿੰਗ ਕਰ ਕੇ ਚੌਥਾ ਫ਼ਰੰਟ ਬਣਾਉਣ ਦਾ ਯਤਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ‘ਆਪ’ ਤੋਂ ਬਾਗ਼ੀ ਹੋਇਆ ਛੋਟੇਪੁਰ ਧੜਾ, ਆਵਾਜ਼-ਏ-ਪੰਜਾਬ, ਡੈਮੋਕ੍ਰੇਟਿਕ ਸਵਰਾਜ ਪਾਰਟੀ, ਸੀਪੀਐਮ, ਸੀਪੀਆਈ ਸਮੇਤ ਕੁੱਝ ਹੋਰ ਧੜਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਮੀਟਿੰਗ ਚੰਡੀਗੜ੍ਹ ਵਿੱਚ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਇਸ ਤੋਂ ਬਾਅਦ 3 ਵਜੇ ਡਾਕਟਰ ਗਾਂਧੀ ਵੱਲੋਂ ਪ੍ਰੈੱਸ ਕਾਨਫ਼ਰੰਸ ਰੱਖੀ ਗਈ ਹੈ।
ਨਵਜੋਤ ਸਿੰਘ ਸਿੱਧੂ ਵੱਲੋਂ ਰਾਜਨੀਤਿਕ ਪਾਰਟੀ ਨਾ ਬਣਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਡਾ. ਗਾਂਧੀ ਨੇ ਹੰਗਾਮੀ ਹਾਲਤ ਵਿੱਚ ਇਹ ਮੀਟਿੰਗ ਬੁਲਾਈ ਹੈ।

ਡਾ. ਗਾਂਧੀ ਯਤਨ ਕਰ ਰਹੇ ਹਨ ਕਿ ਹਮਖ਼ਿਆਲੀ ਅਤੇ ਪੰਜਾਬ ਦੇ ਹਿਤਾਂ ਉੱਪਰ ਪਹਿਰਾ ਦੇਣ ਵਾਲੀਆਂ ਧਿਰਾਂ ਦਾ ਸਾਂਝਾ ਸਿਆਸੀ ਧੜਾ ਬਣਾ ਕੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹੁਕਮਰਾਨ ਅਕਾਲੀ ਦਲ-ਭਾਜਪਾ ਗੱਠਜੋੜ, ਕਾਂਗਰਸ ਅਤੇ ‘ਆਪ’ ਨੂੰ ਚੁਨੌਤੀ ਦਿੱਤੀ ਜਾ ਸਕੇ।