ਮੋਗਾ : ਦੋ ਦਿਨ ਪਹਿਲਾਂ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਬਾਘਾਪੁਰਾਣਾ ਪੁਲੀਸ ਨੇ ਪਿੰਡ ਆਲਮਵਾਲਾ ਦੇ ਸਰਪੰਚ ਪਰਮਜੀਤ ਸਿੰਘ ਤੇ ਉਸ ਦੇ ਪੁੱਤ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 451, 323, 506 ਤੇ 34 ਤਹਿਤ ਕੇਸ ਦਰਜ ਹੈ।
ਸਰਪੰਚ ਅਤੇ ਉਸ ਦੇ ਪੁੱਤਰ ਵੱਲੋਂ ਨਰਸ ਦੀ ਕੀਤੀ ਗਈ ਕੁੱਟਮਾਰ ਦਾ ਮਾਮਲਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਸਰਕਾਰ ਉੱਤੇ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਪ੍ਰੈਸ਼ਰ ਵਧਦਾ ਜਾ ਰਿਹਾ ਸੀ। ਖ਼ਾਸ ਤੌਰ ਉੱਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਮੁੱਦੇ ਉੱਤੇ ਸਰਕਾਰ ਨੂੰ ਲਗਾਤਾਰ ਘੇਰ ਰਹੀ ਸੀ।
22 ਸਤੰਬਰ ਨੂੰ ਸਰਪੰਚ ਪਰਮਜੀਤ ਸਿੰਘ ਤੇ ਉਸ ਦੇ ਪੁੱਤ ਗੁਰਜੀਤ ਸਿੰਘ ਦਾ ਗੁਪਤਾ ਹਸਪਤਾਲ ਵਿੱਚ ਬਿੱਲ ਬਣਾਉਣ ਵਿੱਚ ਦੇਰੀ ਕਰਨ ਅਤੇ ਸਟਾਫ਼ ਨਰਸ ਰਮਨਦੀਪ ਕੌਰ ਵੱਲੋਂ ਸਟਾਫ਼ ਰੂਮ ਵਿੱਚ ਬੈਠਣ ਦਾ ਵਿਰੋਧ ਕਰਨ ਉੱਤੇ ਝਗੜਾ ਹੋ ਗਿਆ ਸੀ। ਇਸ ਦੌਰਾਨ ਮੁਲਜ਼ਮ ਸਰਪੰਚ ਨੇ ਨਰਸ ਰਮਨਦੀਪ ਕੌਰ ਜੋ ਗਰਭਵਤੀ ਹੈ, ਨੂੰ ਪਹਿਲਾਂ ਧੱਕਾ ਮਾਰ ਕੇ ਫ਼ਰਸ਼ ਉੱਤੇ ਸੁੱਟ ਦਿੱਤਾ। ਇਸ ਤੋਂ ਬਾਅਦ ਦੋਵੇਂ ਪਿਉ-ਪੁੱਤਾਂ ਨੇ ਨਰਸ ਨੂੰ ਥੱਪੜ ਮਾਰੇ ਸਨ।