ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਜਲੰਧਰ ਵਿੱਚ ਵਾਪਰੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਵਿਚ ਨਹੀਂ ਆ ਰਹੀਆਂ, ਜੋਕਿ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ।
ਉਹਨਾਂ ਕਿਹਾ ਕਿ ਜਲੰਧਰ ਦੀ ਸ਼ੇਰ ਸਿੰਘ ਕਲੋਨੀ ਵਾਲਾ ਪੁੱਲ ਨੇੜੇ ਨਹਿਰ ਵਿਚੋਂ ਮਿਲੇ ਸ੍ਰੀ ਗੁਰੂ ਗੰਰਥ ਸਾਹਿਬ ਜੀ ਦੇ ਅੰਗਾ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਜਿਸ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਸ਼ਰਾਰਤੀ ਅਨਸਰਾਂ ਦਾ ਕੋਈ ਧਰਮ ਨਹੀਂ ਹੁੰਦਾ। ਇਸ ਲਈ ਉਨ੍ਹਾਂ ਨੇ ਇਸ ਘਟਨਾ ਵਿਚ ਦੋਹਾਂ ਫਿਰਕਿਆਂ ਨੂੰ ਲੜਾਉਣ ਦੀ ਨੀਯਤ ਨਾਲ ਹਿੰਦੂ ਧਰਮ ਦੇ ਗਰੰਥ ਗੀਤਾ ਦੇ ਪੱਤਰੇ ਵੀ ਪਾੜ ਕੇ ਸੁੱਟੇ ਹਨ।
ਜਥੇਦਾਰ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਇਸ ਘਟਨਾਂ ਨਾਲ ਸਬੰਧਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਵੇ ਅਤੇ ਜਿਸ ਪਾਵਨ ਸਰੂਪ ਵਿਚੋਂ ਇਹ ਪੱਤਰੇ ਲਏ ਗਏ ਹਨ ਉਸ ਪਾਵਨ ਸਰੂਪ ਦਾ ਵੀ ਪਤਾ ਲਗਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਸ਼ਰਾਰਤੀ ਅਨਸਰ ਅਜਿਹੀਆਂ ਹਰਕਤਾਂ ਤੋਂ ਬਾਜ ਆਉਣ।