ਪਟਿਆਲਾ: ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਮੈਂਬਰ ਡਾ. ਧਰਮਵੀਰ ਗਾਂਧੀ ਨੇ ਚੋਣ ਪ੍ਰਚਾਰ ਤੇ ਫੰਡ ਇਕੱਠਾ ਕਰਨ ਦਾ ਵਿਲੱਖਣ ਤਰੀਕਾ ਅਖ਼ਤਿਆਰ ਕੀਤਾ ਹੋਇਆ ਹੈ। ਡਾ. ਗਾਂਧੀ ਬੇਸ਼ੱਕ ਕਰੋੜਪਤੀ ਹਨ, ਪਰ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਉਹ ਮੀਟਿੰਗ ਮਗਰੋਂ ਉਹ ਝੋਲੀ ਅੱਡ ਕੇ ਲੋਕਾਂ ਤੋਂ ਮਾਇਆ ਦਾ ਦਾਨ ਮੰਗਦੇ ਹਨ। ਲੋਕ ਵੀ ਡਾ. ਧਰਮਵੀਰ ਗਾਂਧੀ ਦੀ ਝੋਲੀ ਨੋਟਾਂ ਨਾਲ ਭਰ ਦਿੰਦੇ ਹਨ।


ਡਾ. ਗਾਂਧੀ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਚੋਣ ਲੜਨਾ ਬੇਹੱਦ ਮਹਿੰਗਾ ਹੋਇਆ ਪਿਆ ਹੈ, ਪਰ ਉਹ ਚੋਣਾਂ ਵਿੱਚ ਵਾਧੂ ਪੈਸਾ ਖ਼ਰਚਣ ਦੇ ਸਮਰੱਥ ਨਹੀਂ ਹਨ। ਇਸ ਕਰਕੇ ਉਨ੍ਹਾਂ ਨੂੰ ਵੋਟ ਦੇ ਨਾਲ ਨਾਲ ਹਲਕੇ ਦੇ ਵੋਟਰਾਂ ਤੋਂ ਨੋਟ ਵੀ ਚਾਹੀਦੇ ਹਨ। ਚੋਣ ਮੀਟਿੰਗ ਨੂੰ ਸੰਬੋਧਨ ਕਰਕੇ ਜਦ ਉਹ ਲੋਕਾਂ ਅੱਗੇ ਝੋਲੀ ਅੱਡਦੇ ਹਨ ਤਾਂ ਉਨ੍ਹਾਂ ਦੀ ਝੋਲੀ ਵਿੱਚ ਦਾਨ ਵਜੋਂ 10, 20, 50, 100 ਤੇ ਕੋਈ 500 ਰੁਪਏ ਤਕ ਪਾ ਦਿੰਦਾ ਹੈ।

ਪੀਡੀਏ ਵੱਲੋਂ ਚੋਣ ਲੜ ਰਹੇ ਨਵਾਂ ਪੰਜਾਬ ਪਾਰਟੀ ਦੇ ਮੋਢੀ ਡਾ. ਧਰਮਵੀਰ ਗਾਂਧੀ ਦੀ ਕੁੱਲ ਸੰਪੱਤੀ ਸਾਢੇ ਕੁ ਚਾਰ ਕਰੋੜ ਰੁਪਏ ਹੈ। ਚੋਣ ਕਮਿਸ਼ਨ ਨੂੰ 2014 ਵਿੱਚ ਦਿੱਤੇ ਵੇਰਵਿਆਂ ਮੁਤਾਬਕ ਚੱਲ ਸੰਪਤੀ ਵਿੱਚ 1.63 ਕਰੋੜ ਰੁਪਏ ਡਾ. ਧਰਮਵੀਰ ਗਾਂਧੀ ਕੋਲ ਹਨ ਜਦੋਂਕਿ 55.35 ਲੱਖ ਰੁਪਏ ਉਸ ਦੀ ਪਤਨੀ ਪਦਮਾ ਕੌਸ਼ਲ ਦੇ ਨਾਂ ਸਨ। ਇਸੇ ਤਰ੍ਹਾਂ ਅਚੱਲ ਸੰਪਤੀ ਵਿੱਚ 1.42 ਕਰੋੜ ਡਾ. ਗਾਂਧੀ ਕੋਲ ਤੇ 90.45 ਲੱਖ ਉਨ੍ਹਾਂ ਦੀ ਪਤਨੀ ਕੋਲ ਹਨ।

ਡਾ. ਗਾਂਧੀ ਦਾ ਦਾਅਵਾ ਹੈ ਕਿ ਸਾਲ 2014 ਦੀ ਚੋਣ ਵਿਚ ਉਨ੍ਹਾਂ ਦਾ 36 ਲੱਖ ਰੁਪਏ ਖ਼ਰਚ ਆਇਆ ਸੀ। ਡਾ. ਗਾਂਧੀ ਇਹ ਵੀ ਕਹਿੰਦੇ ਹਨ ਕਿ ਉਹ ਆਮ ਲੋਕਾਂ ਵਰਗੇ ਉਮੀਦਵਾਰ ਹਨ, ਇਸ ਉਨ੍ਹਾਂ ਨੂੰ ਬੁਲੇਟ ਪਰੂਫ ਗੱਡੀ ਦੀ ਲੋੜ ਨਹੀਂ ਹੈ। ਉਹ ਕਹਿੰਦੇ ਹਨ ਕਿ ਲੋਕ ਉਨ੍ਹਾਂ ਦੀ ਚੋਣ ਲੜ ਰਹੇ ਹਨ, ਜੋ ਉਨ੍ਹਾਂ ਨੂੰ ਨੋਟ ਵੀ ਦੇ ਰਹੇ ਹਨ ਤੇ ਵੋਟ ਵੀ ਦੇਣਗੇ।