ਜਲੰਧਰ: ਪ੍ਰਤਾਪੁਰਾ ਸਥਿਤ ਗਿਰਜਾਘਰ ਐਮਐਫਜੇ ਹਾਊਸ ਦੇ ਫਾਦਰ ਐਂਥਨੀ ਤੋਂ ਜ਼ਬਤ ਕੀਤੇ ਕਰੋੜਾਂ ਰੁਪਏ ਦੀ ਰਾਸ਼ੀ ਵਿੱਚ 6 ਕਰੋੜ ਰੁਪਏ ਗ਼ਾਇਬ ਹੋਣ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ 10ਵੇਂ ਦਿਨ ਜਾਂਚ ਰਿਪੋਰਟ ਜਮ੍ਹਾਂ ਹੋ ਗਈ ਹੈ। ਉੱਚ ਸੂਤਰਾਂ ਮੁਤਾਬਕ ਆਈਜੀ ਪਰਵੀਨ ਕੁਮਾਰ ਸਿਨਹਾ ਵੱਲੋਂ ਕੀਤੀ ਮੁੱਢਲੀ ਪੜਤਾਲ ਦੌਰਾਨ ਦੋ ਸਹਾਇਕ ਸਬ ਇੰਸਪੈਕਟਰਾਂ ਦੀ ਇਸ ਵੱਡੀ ਰਕਮ ਨੂੰ ਹੜੱਪ ਕਰਨ ਦੇ ਤੱਥ ਸਾਹਮਣੇ ਆਏ ਹਨ।


ਜ਼ਰੂਰ ਪੜ੍ਹੋ- 9.6 ਕਰੋੜ ਦੀ ਰਕਮ ਨੂੰ ਹਵਾਲਾ ਰਾਸ਼ੀ ਦਰਸਾਉਣ ਦੇ ਚੱਕਰਾਂ 'ਚ ਖ਼ੁਦ ਹੀ ਫਸੀ ਖੰਨਾ ਪੁਲਿਸ

ਸਿਨਹਾ ਨੇ ਆਪਣੀ ਰਿਪੋਰਟ ਡੀਜੀਪੀ ਦਿਨਕਰ ਗੁਪਤਾ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ ਪੁਲਿਸ ਅਫ਼ਸਰਾਂ ਤੇ ਕਰਮਚਾਰੀਆਂ ਖਿਲਾਫ਼ ਐੱਫਆਈਆਰ ਦਰਜ ਕਰਨ ਦਾ ਫੈਸਲਾ ਕੀਤਾ ਹੈ। ਪੁਲਿਸ ਵੱਲੋਂ ਜਲੰਧਰ ’ਚ ਛਾਪਾ ਮਾਰਨ ਸਮੇਂ ਵੱਡੀਆਂ ਖਾਮੀਆਂ ਵੀ ਸਾਹਮਣੇ ਆਈਆਂ ਹਨ। ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕ੍ਰਾਈਮ ਵਿੰਗ ਵੱਲੋਂ ਇਹ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ ਤੇ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਤਫ਼ਤੀਸ਼ ਕਰਨ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ- 9.6 ਕਰੋੜ ਦੀ ਰਕਮ ਨੂੰ ਹਵਾਲਾ ਰਾਸ਼ੀ ਦੱਸਣ ਵਾਲੀ ਖੰਨਾ ਪੁਲਿਸ ਦੀਆਂ ਮੁਸ਼ਕਲਾਂ ਵਧੀਆ, ਸਾਹਮਣੇ ਆਇਆ ਨਵਾਂ ਸੱਚ

ਜ਼ਿਕਰਯੋਗ ਹੈ ਕਿ ਬੀਤੀ 29 ਮਾਰਚ ਨੂੰ ਖੰਨਾ ਪੁਲਿਸ ਨੇ ਪਾਦਰੀ ਐਂਥਨੀ ਸਮੇਤ ਛੇ ਲੋਕਾਂ ਤੋਂ ਸਾਢੇ ਨੌਂ ਕਰੋੜ ਰੁਪਏ ਦੀ ਰਕਮ ਖੰਨਾ ਤੋਂ ਤਿੰਨ ਕਾਰਾਂ ਵਿੱਚੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਪਰ ਬਾਅਦ ਵਿੱਚ ਪਾਦਰੀ ਨੇ ਬੈਂਕ ਵੱਲੋਂ ਪੈਸੇ ਪ੍ਰਾਪਤ ਕਰਨ ਲਈ ਜਾਰੀ ਚਿੱਠੀ ਪੇਸ਼ ਕੀਤੀ ਤੇ ਦਾਅਵਾ ਕੀਤਾ ਕਿ ਇਹ ਰਕਮ ਤਕਰੀਬਨ 16 ਕਰੋੜ ਦੀ ਸੀ ਪਰ ਪੁਲਿਸ ਨੇ ਸਾਢੇ ਨੌਂ ਕਰੋੜ ਰੁਪਏ ਦੀ ਬਰਾਮਦਗੀ ਹੀ ਦਰਸਾਈ ਸੀ।