ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਪਣੀ ਹੀ ਪਾਰਟੀ 'ਤੇ ਸਵਾਲ ਚੁੱਕਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਤੀ ਕਰਕੇ ਹੀ ਕਾਂਗਰਸ ਘੱਟ ਫਰਕ ਨਾਲ ਹਾਰੀ। ਡਾ. ਸਿੱਧੂ ਦਾ ਤਰਕ ਹੈ ਕਿ ਜੇਕਰ ਸਿੱਧੂ ਨੇ ਬਠਿੰਡਾ ਵਿੱਚ ਪ੍ਰਚਾਰ ਨਾ ਕੀਤਾ ਹੁੰਦਾ ਤਾਂ ਕਾਂਗਰਸ ਨੂੰ ਅਕਾਲੀਆਂ ਹੱਥੋਂ ਵੱਡੀ ਹਾਰ ਦਾ ਸ਼ਿਕਾਰ ਹੋਣਾ ਪੈਣਾ ਸੀ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਿਹੜੀ ਥਾਂ ਵਿਧਾਇਕਾਂ ਨੇ ਕੰਮ ਕੀਤਾ ਹੈ, ਉੱਥੇ ਪਾਰਟੀ ਨੂੰ ਜਿੱਤ ਮਿਲੀ, ਜਿਵੇਂ ਕਿ ਪਟਿਆਲਾ ਤੇ ਅੰਮ੍ਰਿਤਸਰ। ਡਾ. ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਪਤੀ 'ਤੇ ਚੁੱਕੇ ਸਵਾਲਾਂ ਨੂੰ ਨਾਜਾਇਜ਼ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸਿੱਧੂ ਨੇ ਤਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਕਹਿਣ 'ਤੇ ਹੀ ਚੋਣ ਪ੍ਰਚਾਰ ਕੀਤਾ ਸੀ ਤੇ ਉਹ ਅੱਜ ਵੀ ਪਾਰਟੀ ਨਾਲ ਖੜ੍ਹੇ ਹਨ।

ਡਾ. ਸਿੱਧੂ ਨੇ ਇਹ ਵੀ ਕਿਹਾ ਕਿ ਜੋ ਲੋਕ ਕਾਂਗਰਸ ਵਿੱਚ ਰਹਿੰਦਿਆਂ ਕਿਸੇ ਹੋਰ ਪਾਰਟੀ ਦਾ ਸਾਥ ਦਿੰਦੇ ਹਨ, ਇਹ ਬਹੁਤ ਗ਼ਲਤ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਲਈ ਚੋਣ ਰੈਲੀਆਂ ਸੰਬੋਧਨ ਕਰਦਿਆਂ ਕਿਹਾ ਸੀ ਕਿ ਫਰੈਂਡਲੀ ਮੈਚ ਖੇਡਣ ਵਾਲਿਆਂ ਨੂੰ ਲੋਕ ਲਾਂਭੇ ਕਰ ਦੇਣ। ਇਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਵੀ ਕਈ ਕਾਂਗਰਸੀ ਮੰਤਰੀਆਂ ਤੇ ਲੀਡਰਾਂ ਨੇ ਕਿਹਾ ਹੈ ਕਿ ਸਿੱਧੂ ਦੇ ਬਿਆਨ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੈ ਤੇ ਸਿੱਧੂ ਖ਼ਿਲਾਫ਼ ਹਾਈਕਮਾਨ ਕਾਰਵਾਈ ਕਰੇ।