ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਡਾ. ਤੇਜਪਾਲ ਸਿੰਘ ਗਿੱਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਡਾ. ਗਿੱਲ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਵੱਲੋਂ ਹੁਣ ਤਕ ਐਲਾਨੇ ਜਾ ਚੁੱਕੇ ਲੋਕ ਸਭਾ ਉਮੀਦਵਾਰਾਂ 'ਚੋਂ ਸਭ ਤੋਂ ਵੱਧ ਪੜ੍ਹੇ ਲਿਖੇ ਹਨ।


ਤੇਜਪਾਲ ਸਿੰਘ ਨੇ ਜੇਲ੍ਹ ਪ੍ਰਬੰਧਨ ਵਿੱਚ ਪੀਐਚਡੀ ਕੀਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਵਿਸ਼ੇ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਹੈ। ਉਹ 'ਆਪ' ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਵੀ ਹਨ।

ਲੁਧਿਆਣਾ ਦੇ ਸੁਧਾਰ ਕਸਬੇ ਤੋਂ ਜੰਮਪਲ ਪ੍ਰੋਫੈਸਰ ਤੇਜਪਾਲ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਉਹ ਪਿਛਲੇ ਛੇ ਸਾਲਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਨੈਸ਼ਨਲ ਕਾਲਜ ਨਾਰੰਗਵਾਲ (ਲੁਧਿਆਣਾ) ਵਿੱਚ ਬਤੌਰ ਸਹਾਇਕ ਪ੍ਰੋਫੈਸਰ ਅਧਿਆਪਨ ਕਾਰਜ ਕਰ ਰਹੇ ਹਨ।

ਡਾ. ਤੇਜਪਾਲ ਦਾ ਮੁਕਾਬਲਾ ਕਾਂਗਰਸ ਦੇ ਮੌਜੂਦਾ ਐਮਪੀ ਰਵਨੀਤ ਬਿੱਟੂ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਪੀਡੀਏ ਵੱਲੋਂ ਲੋਕ ਸਭਾ ਚੋਣ ਲੜ ਰਹੇ ਵਿਧਾਇਕ ਸਿਮਰਜੀਤ ਬੈਂਸ ਅਤੇ ਅਕਾਲੀ ਦਲ ਦੇ ਮਹੇਸ਼ ਇੰਦਰ ਗਰੇਵਾਲ ਨਾਲ ਹੋਵੇਗਾ। ਪੰਜਾਬ ਵਿੱਚ ਆਉਂਦੀ 19 ਮਈ ਨੂੰ ਸੱਤਵੇਂ ਗੇੜ ਵਿੱਚ 17ਵੀਂ ਲੋਕ ਸਭਾ ਚੁਣਨ ਲਈ ਮੱਤਦਾਨ ਹੋਵੇਗਾ ਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।