Pakistan Drone: ਇੱਕ ਵਾਰ ਫਿਰ ਕੰਟਰੋਲ ਰੇਖਾ (LOC) 'ਤੇ ਪਾਕਿਸਤਾਨ ਦੇ ਨਾਪਾਕ ਮਨਸੂਬੇ ਸਾਹਮਣੇ ਆਏ ਹਨ। ਡ੍ਰੋਨ ਨੂੰ ਪੰਜਾਬ ਦੇ ਗੁਰਦਾਸਪੁਰ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਦੇਖਿਆ ਗਿਆ ਜਿਸ 'ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ ਤੇ ਇਹ ਪਾਕਿਸਤਾਨ ਦੀ ਸਰਹੱਦ 'ਚ ਵਾਪਸ ਚਲਿਆ ਗਿਆ ਹੈ। ਬੀਐਸਐਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਤ ਕਰੀਬ 12.30 ਵਜੇ ਇਕ ਡ੍ਰੋਨ ਦੇਖਿਆ ਗਿਆ। ਜਦੋਂ ਗਸ਼ਤੀ ਟੀਮ ਨੇ ਆਵਾਜ਼ ਸੁਣੀ ਤਾਂ ਬੀਐਸਐਫ ਦੇ ਜਵਾਨਾਂ ਨੇ 5 ਰਾਉਂਡ ਫਾਇਰ ਕੀਤੇ, ਜਿਸ ਤੋਂ ਬਾਅਦ ਡ੍ਰੋਨ ਪਾਕਿਸਤਾਨ ਸਰਹੱਦ ਵੱਲ ਮੁੜ ਗਿਆ। ਕੌਮਾਂਤਰੀ ਸਰਹੱਦ ਨੇੜੇ ਡਰੋਨ ਦੇਖੇ ਜਾਣ ਦੀ ਘਟਨਾ ਕੋਈ ਨਵੀਂ ਗੱਲ ਨਹੀਂ।
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵੱਲੋਂ ਕਈ ਡਰੋਨ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਦਾ ਭਾਰਤੀ ਸੁਰੱਖਿਆ ਬਲਾਂ ਨੇ ਮੂੰਹਤੋੜ ਜਵਾਬ ਦਿੱਤਾ ਹੈ। ਸ਼ੁੱਕਰਵਾਰ ਨੂੰ ਬੀਐਸਐਫ ਨੇ ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਡਰੋਨ ਨੂੰ ਸੁੱਟ ਦਿੱਤਾ। ਚੀਨੀ ਡਰੋਨ ਨੂੰ ਸ਼ੁੱਕਰਵਾਰ ਰਾਤ ਕਰੀਬ 11.10 ਵਜੇ ਫਿਰੋਜ਼ਪੁਰ ਸੈਕਟਰ 'ਚ ਵਾਨ ਸਰਹੱਦੀ ਚੌਕੀ ਨੇੜੇ ਦੇਖਿਆ ਗਿਆ ਅਤੇ ਉਸ ਨੂੰ ਸੁੱਟ ਦਿੱਤਾ ਗਿਆ। ਇੱਕ ਅਧਿਕਾਰੀ ਨੇ ਕਿਹਾ ਸੀ ਕਿ ਕਾਲੇ ਰੰਗ ਦੀ ਉੱਡਣ ਵਾਲੀ ਵਸਤੂ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਲਗਭਗ 300 ਮੀਟਰ ਤੇ ਸਰਹੱਦੀ ਵਾੜ ਤੋਂ 150 ਮੀਟਰ ਦੀ ਦੂਰੀ 'ਤੇ ਮਾਰਿਆ ਗਿਆ ਸੀ।
ਉਸ ਨੇ ਦੱਸਿਆ ਸੀ ਕਿ ਚਾਰ ਪਾਵਰ ਬੈਟਰੀਆਂ ਵਾਲੇ ਹੈਕਸਾ-ਕਾਪਟਰ ਡਰੋਨ ਦਾ ਵਜ਼ਨ ਲਗਭਗ 23 ਕਿਲੋ ਹੈ ਅਤੇ ਇਹ ਲਗਪਗ 10 ਕਿਲੋ ਭਾਰ ਚੁੱਕਣ ਦੇ ਸਮਰੱਥ ਹੈ। ਡਰੋਨ 'ਤੇ ਕੋਈ ਨਸ਼ਾ ਹਥਿਆਰ ਜਾਂ ਗੋਲਾ ਬਾਰੂਦ ਨਹੀਂ ਸੀ। ਬੀਐਸਐਫ ਨੇ ਕਿਹਾ ਸੀ ਕਿ ਜਿਸ ਖੇਤਰ 'ਚ ਡਰੋਨ ਨੂੰ ਡੇਗਿਆ ਗਿਆ ਸੀ, ਉਸ ਇਲਾਕੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਬੀਐਸਐਫ ਨੇ ਪਾਕਿਸਤਾਨ ਦੇ ਦੋ ਅਜਿਹੇ ਡਰੋਨ ਨੂੰ ਡੇਗਿਆ ਸੀ, ਜਿਨ੍ਹਾਂ 'ਚ ਹਥਿਆਰ ਅਤੇ ਗੋਲਾ ਬਾਰੂਦ ਸੀ। ਇਹ ਦੋਵੇਂ ਘਟਨਾਵਾਂ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਵਾਪਰੀਆਂ।
ਬੀਐਸਐਫ ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ 30 ਨਵੰਬਰ ਨੂੰ ਦੱਸਿਆ ਕਿ ਪੰਜਾਬ ਅਤੇ ਜੰਮੂ ਦੀ ਸਰਹੱਦ 'ਤੇ ਇਸ ਸਾਲ ਹੁਣ ਤਕ ਘੱਟੋ-ਘੱਟ 67 ਡਰੋਨ ਦੇਖੇ ਗਏ ਹਨ। ਉਨ੍ਹਾਂ ਨੇ ਕਿਹਾ ਸੀ ਫਿਲਹਾਲ ਸਾਡੇ ਦੇਸ਼ 'ਚ ਆਉਣ ਵਾਲੇ ਡਰੋਨਾਂ ਦੀ ਗਿਣਤੀ ਘੱਟ ਹੈ ਅਤੇ ਇਹ ਸਾਰੇ ਚੀਨ 'ਚ ਬਣੇ ਡਰੋਨ ਹਨ। ਉਹ ਬਹੁਤ ਉੱਨਤ ਹਨ ਅਤੇ ਘੱਟ ਭਾਰ ਚੁੱਕਣ ਦੇ ਸਮਰੱਥ ਹਨ ਅਤੇ 95 ਪ੍ਰਤੀਸ਼ਤ ਕੇਸਾਂ ਵਿੱਚ, ਉਹ ਨਸ਼ੀਲੇ ਪਦਾਰਥ ਲੈ ਜਾਂਦੇ ਹਨ।
ਇਹ ਵੀ ਪੜ੍ਹੋ : Good Health Tips: ਖਾਲੀ ਪੇਟ ਭੁੱਲ ਕੇ ਵੀ ਨਾ ਕਰੋ ਇਹ ਕੰਮ, ਸਿਹਤ ਨੂੰ ਹੋ ਸਕਦੈ ਭਾਰੀ ਨੁਕਸਾਨ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin