ਚੰਡੀਗੜ੍ਹ: ਨਸ਼ਾ ਤਸਕਰੀ ਦੇ ਇਲਜ਼ਾਮ ਹੇਠ ਫੜੀ ਔਰਤ ਦੇ ਬੈਂਕ ਲਾਕਰਾਂ ਵਿੱਚੋਂ ਵੱਡੀ ਮਾਤਰਾ 'ਚ ਨਸ਼ਾ, ਗਹਿਣੇ ਤੇ ਨਕਦੀ ਦੇ ਨਾਲ-ਨਾਲ ਜਾਇਦਾਦਾਂ ਦੇ ਕਾਗ਼ਜ਼ਾਤ ਬਰਾਮਦ ਹੋਏ ਹਨ। ਮੁਹਾਲੀ ਐਸਟੀਐਫ ਨੇ ਨਸ਼ਾ ਤਸਕਰੀ ਦੇ ਇਲਜ਼ਾਮ 'ਚ ਪਿਛਲੇ ਦਿਨੀਂ ਫੜੀ ਗਈ ਸਵੀਟੀ ਨਾਮਕ ਮਹਿਲਾ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਸ ਤੋਂ ਬਾਅਦ ਕਈ ਹੈਰਾਨੀਜਨਕ ਖੁਲਾਸੇ ਹੋਏ।

ਅਦਾਲਤ ਦੇ ਹੁਕਮਾਂ ਨਾਲ ਜਦੋਂ ਉਸ ਦੇ ਬੈਂਕ ਲਾਕਰਾਂ ਨੂੰ ਖੁੱਲ੍ਹਵਾਇਆ ਗਿਆ ਤਾਂ ਉਸ 'ਚੋਂ 116 ਗ੍ਰਾਮ ਅਫੀਮ, 1 ਲੱਖ 91 ਹਜ਼ਾਰ ਰੁਪਏ ਦੀ ਡਰੱਗ ਮਨੀ ਤੇ 707 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ। ਇਕੱਲੇ ਇਨ੍ਹਾਂ ਗਹਿਣਿਆਂ ਦੀ ਦੀ ਕੀਮਤ 21 ਲੱਖ ਰੁਪਏ ਹੈ। ਇਸ ਤੋਂ 12 ਵੱਖ-ਵੱਖ ਪ੍ਰਾਪਰਟੀਜ਼ ਦੇ ਦਸਤਾਵੇਜ਼ ਵੀ ਬਰਾਮਦ ਹੋਏ।

ਮੁਹਾਲੀ ਦੇ ਪੁਲਿਸ ਕਪਤਾਨ ਰਾਜਿੰਦਰ ਸਿੰਘ ਸੋਹਲ ਮੁਤਾਬਕ ਪਿਛਲੇ ਦਿਨੀਂ ਮੋਹਲੀ ਐਸ.ਟੀ.ਐਫ. ਨੂੰ ਪਤਾ ਲੱਗਿਆ ਸੀ ਕਿ ਮਨੋਜ ਕੁਮਾਰ ਉਰਫ ਮਾਮੂ ਜੇਲ੍ਹ 'ਚ ਬੈਠ ਹੀ ਫੋਨ 'ਤੇ ਸਵੀਟੀ ਰਾਹੀਂ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਵਾ ਰਿਹਾ ਹੈ। ਐਸ.ਟੀ.ਐਫ. ਨੇ ਜਦੋਂ ਸਵੀਟੀ ਤੇ ਉਸ ਦੇ ਸਾਥੀ ਗੁਰਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਇਨ੍ਹਾਂ ਤੋਂ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਹੋਈ ਸੀ। ਪੁਲਿਸ ਨੂੰ ਖ਼ਦਸ਼ਾ ਹੈ ਕਿ ਇਹ ਨਸ਼ਾ ਇਨ੍ਹਾਂ ਨੇ ਮੁਹਲੀ ਤੇ ਨੇੜਲੇ ਇਲਾਕੇ 'ਚ ਸਪਲਾਈ ਕਰਨੀ ਸੀ।