ਅੰਮ੍ਰਿਤਸਰ: ਕੱਲ੍ਹ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੇਸ਼ ਕੀਤੇ ਗਏ ਆਮ ਬਜਟ ਦੇ ਵਿਰੋਧ ਵਿੱਚ ਅੱਜ ਮਹਿਲਾ ਕਾਂਗਰਸੀਆਂ ਨੇ ਅੰਮ੍ਰਿਤਸਰ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਪਿੱਟ ਸਿਆਪਾ ਕੀਤਾ। ਔਰਤਾਂ ਵੱਲੋਂ ਜਿੱਥੇ ਇਸ ਬਜਟ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਉੱਥੇ ਹੀ ਮੋਦੀ ਤੇ ਜੇਤਲੀ ਦੇ ਪੁਤਲਿਆਂ ਨੂੰ ਵੀ ਅੱਗ ਦੇ ਹਵਾਲੇ ਕੀਤਾ ਗਿਆ।

ਸੜਕਾਂ 'ਤੇ ਉੱਤਰੀਆਂ ਮਹਿਲਾ ਕਾਂਗਰਸ ਦੀਆਂ ਇਨ੍ਹਾਂ ਵਰਕਰਾਂ ਨੇ ਆਪਣੇ ਗਲਾਂ ਵਿੱਚ ਆਲੂ ਤੇ ਪਿਆਜ ਦੇ ਹਾਰ ਪਾ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਨ੍ਹਾਂ ਦੀ ਅਗਵਾਈ ਕਰ ਰਹੀ ਮਹਿਲਾ ਕਾਂਗਰਸ ਦੀ ਪ੍ਰਧਾਨ ਜਤਿੰਦਰ ਸੋਨੀਆ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਨੂੰ ਕੀਤੇ ਗਏ ਹਰ ਵਾਅਦੇ ਤੋਂ ਮੁੱਕਰੀ ਹੈ। ਕੱਲ੍ਹ ਪੇਸ਼ ਕੀਤਾ ਗਿਆ ਬਜਟ ਵੀ ਲੋਕਾਂ ਨਾਲ ਕਿਸੇ ਮਜ਼ਾਕ ਤੋਂ ਘੱਟ ਨਹੀਂ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਦਾ ਖਮਿਆਜ਼ਾ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।

ਪ੍ਰਦਰਸ਼ਨ ਕਰ ਰਹੀਆਂ ਇਨ੍ਹਾਂ ਔਰਤਾਂ ਨੇ ਆਪਣੇ ਹੱਥਾਂ ਵਿੱਚ ਫੜੇ ਖਾਲੀ ਭਾਂਡਿਆਂ ਨੂੰ ਖੜਕਾ ਕੇ ਕੇਂਦਰ ਸਰਕਾਰ ਦੇ ਬਜਟ ਖਿਲਾਫ ਨਾਅਰੇ ਲਾਏ। ਇਸ ਤੋਂ ਬਾਅਦ ਇਨ੍ਹਾਂ ਵੱਲੋਂ ਮੋਦੀ ਤੇ ਅਰੁਣ ਜੇਤਲੀ ਦੇ ਪੁਤਲੇ ਵੀ ਫੂਕੇ ਗਏ।