ਮੁਹਾਲੀ: ਬੀਤੇ ਦਿਨ ਖਰੜ ਦੇ ਸਿਵਲ ਹਸਪਤਾਲ ਵਿੱਚ ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦਾ ਉਸ ਦੇ ਦਫਤਰ ਵਿੱਚ ਗੋਲ਼ੀਆਂ ਮਾਰ ਕੇ ਕਤਲ ਸਬੰਧੀ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਸਵਾਲ ਚੁੱਕੇ ਹਨ ਕਿ ਮੁਲਜ਼ਮ ਬਲਵਿੰਦਰ ਸਿੰਘ ਨੂੰ ਰੋਪੜ ਪ੍ਰਸ਼ਾਸਨ ਵੱਲੋਂ 12 ਮਾਰਚ ਨੂੰ ਹਥਿਆਰ ਦਾ ਲਾਇਸੈਂਸ ਜਾਰੀ ਕੀਤਾ ਗਿਆ ਜਦਕਿ 10 ਮਾਰਚ ਤੋਂ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਚੁੱਕਿਆ ਸੀ। ਇਸ ਤੋਂ ਬਾਅਦ ਹਥਿਆਰ ਨੂੰ ਜਮ੍ਹਾਂ ਕਰਾਉਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਹੈ, ਪਰ ਨੇਹਾ ਦੇ ਕਾਤਲ ਨੂੰ ਪ੍ਰਸ਼ਾਸਨ ਵੱਲੋਂ ਖ਼ੁਦ 12 ਮਾਰਚ ਨੂੰ 32 ਬੋਰ ਰਿਵਾਲਵਰ ਦਾ ਲਾਇਸੈਂਸ ਦਿੱਤਾ ਗਿਆ।
ਦੱਸ ਦੇਈਏ ਸ਼ੁੱਕਰਵਾਰ ਨੂੰ ਮਹਿਲਾ ਡਰੱਗ ਇੰਸਪੈਕਟਰ ਦਾ ਉਸ ਦੇ ਦਫਤਰ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਮੁਲਜ਼ਮ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਹਾਲਾਂਕਿ ਮੁਹਾਲੀ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਪਰ ਨੇਹਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ।
ਨੇਹਾ ਦੇ ਪਰਿਵਾਰਕ ਮੈਂਬਰਾਂ ਨੇ ਸਿਹਤ ਮੰਤਰੀ ਦੇ ਸਾਹਮਣੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ 12 ਮਾਰਚ ਨੂੰ ਹੀ ਬਲਵਿੰਦਰ ਸਿੰਘ ਨੇ ਇੱਕ ਰਿਵਾਲਵਰ ਖਰੀਦਿਆ ਸੀ। ਇਸ ਦੇ ਨਾਲ ਹੀ ਉਸ ਨੇ 20 ਕਾਰਤੂਸ ਵੀ ਲਏ। ਕਾਨੂੰਨ ਮੁਤਾਬਕ ਕੋਈ ਵੀ ਗੰਨ ਹਾਊਸ ਬਿਨ੍ਹਾਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਕੋਈ ਵੀ ਹਥਿਆਰ ਨਹੀਂ ਵੇਚ ਸਕਦਾ। ਪਰ ਇਸ ਸਭ ਦੇ ਬਾਵਜੂਦ ਬਲਵਿੰਦਰ ਸਿੰਘ ਨੂੰ ਰੋਪੜ ਦੇ ਇੱਕ ਗੰਨ ਹਾਊਸ ਵੱਲੋਂ ਹਥਿਆਰ ਤੇ ਕਾਰਤੂਸ ਵੇਚੇ ਗਏ ਜਿਸ ਨਾਲ ਡਾਕਟਰ ਨੇਹਾ ਦਾ ਕਤਲ ਕੀਤਾ ਗਿਆ ਸੀ।