ਚੰਡੀਗੜ੍ਹ: ਕੈਪਟਨ ਸਰਕਾਰ ਨਸ਼ਿਆਂ ਦੇ ਖਾਤਮੇ ਦੇ ਫਰੰਟ 'ਤੇ ਫੇਲ੍ਹ ਨਜ਼ਰ ਆ ਰਹੀ ਹੈ। ਇਸ ਦੀ ਮਿਸਾਲ ਸ਼ਰੇਆਮ ਨਸ਼ਿਆਂ ਦੀ ਵਿਕਰੀ ਹੈ। ਕੈਪਟਨ ਸਰਕਾਰ ਨੇ ਹੁਣ ਤੱਕ ਕਿਸੇ ਵੱਡੇ ਨਸ਼ਾ ਤਸਕਰ ਨੂੰ ਹੱਥ ਨਹੀਂ ਪਾਇਆ ਪਰ ਛੋਟੇ ਨਸ਼ਾ ਸਪਲਾਇਰ ਵੀ ਧੜੱਲੇ ਨਾਲ ਕਾਰੋਬਾਰ ਕਰ ਰਹੇ ਹਨ। ਇਸ ਤੋਂ ਇਲਾਵਾ ਨਸ਼ਿਆਂ ਦੀ ਓਵਰ ਡੋਜ਼ ਨਾਲ ਮੌਤਾਂ ਵੀ ਕੈਪਟਨ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੀਆਂ ਹਨ। ਸੋਮਵਾਰ ਨੂੰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਫੇਸਬੁੱਕ ’ਤੇ ਨਸ਼ਿਆਂ ਦੀ ਸੱਚ ਸਾਹਮਣੇ ਲਿਆਂਦਾ। ਉਨ੍ਹਾਂ ਆਪਣੇ ਇੱਕ ਸਾਥੀ ਨਾਲ ਫੇਸਬੁੱਕ ’ਤੇ ਲਾਈਵ ਹੋ ਕੇ ਸਨਅਤੀ ਸ਼ਹਿਰ ਵਿੱਚ ਵਿਕ ਰਹੇ ਚਿੱਟੇ ਦੀ ਖਰੀਦ ਕੀਤੀ। ਸ਼ਹਿਰ ਦੇ ਚੀਮਾ ਚੌਕ ਨੇੜੇ ਬਸਤੀ ਵਿੱਚੋਂ ਉਨ੍ਹਾਂ ਦੇ ਸਾਥੀ ਨੇ ਸ਼ਰੇਆਮ ਵਿਕ ਰਹੇ ਚਿੱਟੇ ਦੀਆਂ ਚਾਰ ਪੁੜੀਆਂ 300 ਪ੍ਰਤੀ ਪੁੜੀ ਦੇ ਹਿਸਾਬ ਨਾਲ ਖਰੀਦੀਆਂ। ਇਸ ਮਗਰੋਂ ਵਿਧਾਇਕ ਬੈਂਸ ਆਪਣੇ ਸਾਥੀਆਂ ਸਣੇ ਪੁਲਿਸ ਕਮਿਸ਼ਨਰ ਦਫ਼ਤਰ ਪੁੱਜੇ। ਉਨ੍ਹਾਂ ਨੇ ਲਿਖਤ ਵਿੱਚ ਚਿੱਟੇ ਦੀ ਸ਼ਿਕਾਇਤ, ਤਿੰਨ ਪੁੜੀਆਂ ਤੇ ਲਾਈਵ ਵੀਡੀਓ ਪੁਲਿਸ ਕਮਿਸ਼ਨਰ ਹਵਾਲੇ ਕਰ ਦਿੱਤੀ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਬਣਦੀ ਕਾਰਵਾਈ ਜ਼ਰੂਰ ਕਰਨਗੇ। ਵਿਧਾਇਕ ਬੈਂਸ ਨੇ ਇਸ ਸਬੰਧੀ ਚੋਣ ਕਮਿਸ਼ਨਰ ਨੂੰ ਵੀ ਸ਼ਿਕਾਇਤ ਭੇਜ ਦਿੱਤੀ ਹੈ। ਬੇਸ਼ੱਕ ਬੈਂਸ ਨੇ ਇੱਕ ਨਮੂਨਾ ਹੀ ਪੇਸ਼ ਕੀਤਾ ਹੈ ਪਰ ਹਾਲਾਤ ਇਸ ਤੋਂ ਵੀ ਮਾੜੇ ਹਨ। ਚਰਚਾ ਹੈ ਕਿ ਭਾਵੇਂ ਪੰਜਾਬ ਵਿੱਚ ਸਰਕਾਰ ਬਦਲ ਗਈ ਹੈ ਪਰ ਨਸ਼ਿਆਂ ਦਾ ਕਾਰੋਬਾਰ ਉਸੇ ਤਰ੍ਹਾਂ ਚੱਲ ਰਿਹਾ ਹੈ। ਇਸ ਨੂੰ ਪੁਲਿਸ ਤੇ ਸਿਆਸੀ ਲੀਡਰਾਂ ਦੀ ਸ਼ਹਿ ਵੀ ਬਰਕਾਰ ਹੈ। ਦਰਅਸਲ ਕੈਪਟਨ ਸਰਕਾਰ ਨੇ ਨਸ਼ਿਆਂ ਦੇ ਖਾਤਮੇ ਲਈ ਕੋਈ ਪੁਖਤੀ ਨੀਤੀ ਨਹੀਂ ਉਲੀਕੀ। ਸਮਾਜ ਸਾਸ਼ਤਰੀਆਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣ ਤੇ ਅਮਲੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭੇਣ ਨਾਲ ਸਮੱਸਿਆ ਹੱਲ਼ ਨਹੀਂ ਹੋਣੀ। ਇਸ ਲਈ ਨੌਜਵਾਨਾਂ ਦੀ ਸੋਚ ਬਦਲਣ ਤੇ ਉਨ੍ਹਾਂ ਅੰਦਰ ਆਤਮਵਿਸ਼ਵਾਸ ਪੈਦਾ ਕਰਨ ਦੀ ਲੋੜ ਹੈ।