ਬੰਗਾ: ਬੀਤੇ ਦਿਨੀਂ ਪਈ ਭਾਰੀ ਬਾਰਿਸ਼ ਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਕੁਝ ਕਿਸਾਨਾਂ ਨੂੰ ਇਸ ਦਾ ਨੁਕਸਾਨ ਵੀ ਝੱਲਣਾ ਪਿਆ ਹੈ। ਭਾਰੀ ਬਾਰਿਸ਼ ਕਾਰਨ ਨਵਾਂ ਸ਼ਹਿਰ ਦੇ ਕਸਬਾ ਬੰਗਾ ਦੇ ਕਈ ਪਿਡਾਂ ਦੇ ਖੇਤਾਂ ਵਿੱਚ ਦਾਖਲ ਹੋ ਚੁੱਕਾ ਹੈ। ਹਾਲ ਹੀ ਵਿੱਚ ਹੋਈ ਬਾਰਸ਼ ਨਾਲ ਬੰਗਾ ਦੇ ਪਿੰਡ ਬਾਲੋਂ, ਕਟਾਰੀਆਂ, ਲਾਦੀਆਂ 'ਚ ਵੇਂਈ ਦਾ ਪਾਣੀ ਓਵਰ ਫਲੋ ਹੋ ਕੇ ਕਿਸਾਨਾਂ ਦੇ ਖੇਤਾਂ ਵਿੱਚ ਭਰ ਚੁੱਕਾ ਹੈ। ਪਾਣੀ ਦੇ ਓਵਰ ਫਲੋ ਹੋਣ ਨਾਲ ਇਥੇ ਹੜ੍ਹਾਂ ਜਿਹੀ ਸਥਿਤੀ ਬਣੀ ਹੋਈ ਹੈ ਜਿਸ ਕਰ ਕੇ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਬਾਲੋਂ ਦੇ ਕਿਸਾਨਾਂ ਨੇ ਦੱਸਿਆਂ ਕਿ ਪਿਛਲੇ ਕਾਫੀ ਲੰਮੇ ਸਮੇਂ ਤੋ ਇਸ ਵੇਂਈ ਦੀ ਸਫਾਈ ਨਹੀ ਹੋਈ ਅਤੇ ਵੇਂਈ ਦੇ ਵਿੱਚ ਕਈ ਪ੍ਰਕਾਰ ਦੀ ਬੂਟੀ ਤੇ ਦਰੱਖਤ ਉੱਘੇ ਹੋਏ ਹਨ ਜੋ ਕਿ ਪਾਣੀ ਦੀ ਨਿਕਾਸੀ ਨੂੰ ਅੱਗੇ ਨਹੀ ਵਧਣ ਦਿੰਦੇ। ਉਨ੍ਹਾਂ ਦੱਸਿਆ ਕਿ ਪਹਿਲੀ ਬਾਰਿਸ਼ ਕਰਕੇ ਵੇਂਈ ਵਿੱਚ ਪਿੱਛੇ ਤੋਂ ਹੋਰ ਪਾਣੀ ਆ ਗਿਆ ਹੈ ਤੇ ਵੇਂਈ ਦੀ ਸਫਾਈ ਨਾ ਹੋਣ ਕਰਕੇ ਵੇਂਈ ਦਾ ਸਾਰਾ ਪਾਣੀ ਓਵਰਫਲੋ ਹੋ ਕੇ ਤਿੰਨ ਪਿੰਡਾਂ ਦੇ ਤਕਰੀਬਨ 500 ਖੇਤਾਂ ਵਿੱਚ ਜਾ ਵੜਿਆ ਹੈ ਜਿਸ ਨਾਲ ਕਿਸਾਨਾਂ ਵਲੋਂ ਲਗਾਇਆ ਝੋਨਾ ਪੂਰੀ ਤਰ੍ਹਾਂ ਨਾਲ ਡੁੱਬ ਚੁੱਕਾ ਹੈ।
ਕਿਸਾਨਾਂ ਨੇ ਦੱਸਿਆ ਕਿ ਸਾਡੀ ਹਾਲਤ ਤਾਂ ਪਹਿਲਾਂ ਹੀ ਬਹੁਤ ਮਾੜੀ ਹੋ ਚੁੱਕੀ ਹੈ ਤੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਮਹਿੰਗੇ ਮੁੱਲ ਦੇ ਕੇ ਝੋਨਾ ਲਾਇਆ ਸੀ ਜੋ ਕਿ ਪਾਣੀ ਦੀ ਮਾਰ ਹੇਠ ਆਉਣ ਕਰਕੇ ਸਾਰਾ ਬਰਬਾਦ ਹੋ ਚੁੱਕਾ ਹੈ।
ਕਿਸਾਨਾਂ ਨੇ ਸਬੰਧਿਤ ਮਹਿਕਮੇ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵੇਂਈ ਦੀ ਸਫਾਈ ਜਲਦੀ ਕਰਵਾਈ ਜਾਵੇ ਤਾਂ ਜੋ ਜਿਹੜੇ ਕਿਸਾਨਾਂ ਨੇ ਝੋਨਾ ਲਾਇਆ ਹੋਇਆ ਹੈ ਉਸਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ ਤੇ ਜਿਹੜਾ ਨੁਕਸਾਨ ਹੋਇਆ ਹੈ ਉਸਦਾ ਮੁਆਵਜ਼ਾ ਦਿੱਤਾ ਜਾਵੇ।