Indian Railway: ਰੇਲਵੇ ਨੇ ਕਿਸਾਨੀ ਅੰਦੋਲਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 3 ਦਿਨ ਦਾ ਸ਼ਡਿਊਲ ਜਾਰੀ ਕਰਨ ਦੀ ਨਵੀਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੇਲਵੇ ਨੇ ਪਹਿਲਾਂ ਜਿਹੜੀਆਂ ਟਰੇਨਾਂ ਇੱਕ ਦਿਨ ਲਈ ਰੱਦ ਕੀਤੀਆਂ ਸਨ, ਉਨ੍ਹਾਂ ਨੂੰ ਤਿੰਨ ਦਿਨਾਂ ਲਈ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਲੰਬੀ ਦੂਰੀ ਦਾ ਸਫਰ ਤੈਅ ਕਰਨ ਵਾਲੀਆਂ 101 ਰੇਲਾਂ ਨੂੰ ਲੈਕੇ ਬਦਲਾਅ ਕੀਤਾ ਹੈ। 


ਇਨ੍ਹਾਂ ਵਿੱਚੋਂ 41 ਰੇਲ ਗੱਡੀਆਂ ਧੂਰੀ-ਜਾਖਲ ਅਤੇ 60 ਰੇਲ ਗੱਡੀਆਂ ਚੰਡੀਗੜ੍ਹ-ਸਾਹਨੇਵਾਲ ਰਾਹੀਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ, ਧੂਰੀ-ਜਾਖਲ ਰਾਹੀਂ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਮੰਜ਼ਿਲ 'ਤੇ ਪਹੁੰਚਣ ਲਈ ਲੰਬਾ ਸਮਾਂ ਲੱਗ ਰਿਹਾ ਹੈ ਜਦਕਿ ਚੰਡੀਗੜ੍ਹ-ਸਾਹਨੇਵਾਲ ਰੇਲ ਸੈਕਸ਼ਨ ਦੇ 50 ਕਿਲੋਮੀਟਰ ਦੇ ਹਿੱਸੇ ਨੂੰ ਪਾਰ ਕਰਨ ਲਈ ਤਿੰਨ ਤੋਂ ਚਾਰ ਘੰਟੇ ਲੱਗ ਰਹੇ ਹਨ। ਅਜਿਹੇ 'ਚ ਜਿਨ੍ਹਾਂ ਯਾਤਰੀਆਂ ਨੇ ਦੋ ਮਹੀਨੇ ਪਹਿਲਾਂ ਟ੍ਰੇਨਾਂ 'ਚ ਰਿਜ਼ਰਵੇਸ਼ਨ ਕਰਵਾਈ ਸੀ, ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ।


ਇਹ ਵੀ ਪੜ੍ਹੋ:  Narendra Modi: ਜਦੋਂ ਪੱਤਰਕਾਰ ਨੇ ਸਵਾਲ ਕਰ ਮੋਦੀ ਦੇ ਉਡਾ ਦਿੱਤੇ ਸੀ ਹੋਸ਼, ਬੌਖਲਾ ਕੇ ਇੰਟਰਵਿਊ ਛੱਡ ਭੱਜੇ ਸੀ PM, ਵੀਡੀਓ ਹੋ ਰਿਹਾ ਵਾਇਰਲ


17 ਅਪਰੈਲ ਤੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਕਾਰਨ ਰੇਲਵੇ ਸਿਸਟਮ ਠੱਪ ਹੋ ਗਿਆ ਹੈ ਕਿਉਂਕਿ ਮੇਲ ਤੇ ਐਕਸਪ੍ਰੈਸ ਸਮੇਤ ਮਾਲ ਗੱਡੀਆਂ ਇੱਕੋ ਰੂਟ ’ਤੇ ਹੀ ਚੱਲ ਰਹੀਆਂ ਹਨ। ਅਜਿਹੇ 'ਚ ਮੇਲ ਅਤੇ ਐਕਸਪ੍ਰੈੱਸ ਕੁਝ ਘੰਟੇ ਨਹੀਂ ਸਗੋਂ 12 ਤੋਂ 14 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਰੇਲਵੇ ਕਾਰਵਾਈ ਵਿੱਚ ਲੱਗਿਆ ਹੋਇਆ ਹੈ। 


ਇਸ ਦੇ ਲਈ ਵਿਭਾਗੀ ਅਧਿਕਾਰੀਆਂ ਨੂੰ ਇਹ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਕਿ ਉਹ ਅਜਿਹੀਆਂ ਟਰੇਨਾਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਨੂੰ ਇਕ ਹੀ ਰੂਟ ਰਾਹੀਂ ਜਲਦੀ ਕੱਢਣ ਦਾ ਪ੍ਰਬੰਧ ਕਰਨ। ਇਸ ਵਿੱਚ ਰੇਲਵੇ ਦੁਆਰਾ ਚਲਾਈਆਂ ਜਾਣ ਵਾਲੀਆਂ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਵੀ ਸ਼ਾਮਲ ਹਨ।


ਦੱਸ ਦਈਏ ਕਿ 13 ਫਰਵਰੀ ਨੂੰ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰ ਰਹੇ ਹਨ। ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਤੋਂ ਬਾਅਦ ਮਜਬੂਰਨ ਕਿਸਾਨਾਂ ਨੂੰ ਰੇਲਵੇ ਸਟੇਸ਼ਨ 'ਤੇ ਧਰਨੇ ਦੇਣ ਵਰਗੇ ਕਦਮ ਚੁੱਕਣੇ ਪਏ, ਜਿਸ ਕਰਕੇ ਹੁਣ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


ਇਹ ਵੀ ਪੜ੍ਹੋ:  Punjab Politics: ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ