Weather Update: ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਅੱਜ ਸਵੇਰੇ ਤੇਜ਼ ਮੀਂਹ ਪਿਆ, ਜਿਸ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਇੱਥੋਂ ਦੇ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਗੁਰਦਾਸਪੁਰ, ਜਲੰਧਰ, ਮੁਹਾਲੀ ਅਤੇ ਰੂਪਨਗਰ ਵਿੱਚ ਮੀਂਹ ਪਿਆ। ਇਸ ਤੋਂ ਇਲਾਵਾ ਹਰਿਆਣਾ ਦੇ ਰੋਹਤਕ, ਭਿਵਾਨੀ ਅਤੇ ਝੱਜਰ ਵਿੱਚ ਵੀ ਸਵੇਰੇ ਹਲਕਾ ਮੀਂਹ ਪਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ ਸੀ ਜਿਸ ਕਾਰਨ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਸੀ।


ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਮਈ ਦੇ ਪਹਿਲੇ 6 ਦਿਨਾਂ ਵਿੱਚ ਪੰਜਾਬ ਵਿੱਚ ਆਮ ਨਾਲੋਂ 157 ਫੀਸਦੀ ਵੱਧ ਮੀਂਹ ਪਿਆ ਹੈ ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਗਰਮੀ ਪੈਣ ਦੀ ਸੰਭਾਵਨਾ ਹੈ।  ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਵੀ ਪੂਰੇ ਪੰਜਾਬ 'ਚ ਭਾਰੀ ਮੀਂਹ ਪਿਆ। ਪੰਜਾਬ ਦੇ ਪਠਾਨਕੋਟ ਵਿੱਚ ਪਿਛਲੇ 24 ਘੰਟਿਆਂ ਵਿੱਚ 10.2 ਐਮਐਮ, ਗੁਰਦਾਸਪੁਰ ਵਿੱਚ 9.6 ਐਮਐਮ ਅਤੇ ਅੰਮ੍ਰਿਤਸਰ ਵਿੱਚ 6.8 ਐਮਐਮ ਮੀਂਹ ਦਰਜ ਕੀਤਾ ਗਿਆ ਹੈ।ਇਸ ਤੋਂ ਇਲਾਵਾ ਜਲੰਧਰ ਵਿੱਚ 2 ਐਮਐਮ ਅਤੇ ਲੁਧਿਆਣਾ ਵਿੱਚ 1.8 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਪਰ ਸਵੇਰ ਤੋਂ ਹੀ ਇਨ੍ਹਾਂ ਸ਼ਹਿਰਾਂ ਵਿੱਚ ਸੂਰਜ ਫਿਰ ਤੋਂ ਖਿੜਿਆ ਹੈ। ਇਸ ਦੇ ਨਾਲ ਹੀ ਕਰੀਬ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਰਹੀਆਂ ਹਨ।


ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਹੁਣ ਇੱਕ ਹਫ਼ਤੇ ਤੱਕ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ, ਪਰ 14 ਮਈ ਦੇ ਆਸ-ਪਾਸ ਇੱਕ-ਦੋ ਦਿਨ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਇੱਕ ਹਫ਼ਤੇ ਵਿੱਚ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ 41 ਡਿਗਰੀ ਤੱਕ ਪਹੁੰਚ ਸਕਦਾ ਹੈ। ਜਦੋਂਕਿ ਇੱਕ ਹਫ਼ਤੇ ਬਾਅਦ ਮੌਸਮ ਤੋਂ ਮੁੜ ਹਲਕੀ ਰਾਹਤ ਮਿਲੇਗੀ।


ਪੰਜਾਬ 'ਚ 6 ਦਿਨਾਂ 'ਚ 7.7mm ਬਾਰਿਸ਼ 


ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ 7.7mm ਬਾਰਿਸ਼ ਦਰਜ ਕੀਤੀ ਗਈ ਹੈ। ਜਦੋਂ ਕਿ ਆਮ ਤੌਰ 'ਤੇ 6 ਦਿਨਾਂ ਵਿੱਚ ਸਿਰਫ਼ 3 ਐਮਐਮ ਤੱਕ ਹੀ ਮੀਂਹ ਦਰਜ ਕੀਤਾ ਜਾਂਦਾ ਹੈ। ਫਿਲਹਾਲ ਬੀਤੀ ਰਾਤ ਦੀ ਬਾਰਿਸ਼ ਦਾ ਰਿਕਾਰਡ ਵੀ ਇਸ ਵਿੱਚ ਸ਼ਾਮਲ ਨਹੀਂ ਹੋਇਆ ਹੈ।


ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਮਈ ਦੇ ਮਹੀਨੇ 'ਚ 'ਲੂ' ਦੀ ਚਿਤਾਵਨੀ ਹੈ, ਪਰ ਇਸ ਸਾਲ ਮਈ ਮਹੀਨੇ 'ਚ ਲੋਕਾਂ ਨੂੰ ਇਸ ਤੋਂ ਰਾਹਤ ਮਿਲੇਗੀ। ਇਸ ਸਾਲ ਮਈ ਦੇ ਮਹੀਨੇ ਜਿੱਥੇ ਤਾਪਮਾਨ 45 ਡਿਗਰੀ ਦੇ ਨੇੜੇ ਪਹੁੰਚ ਜਾਂਦਾ ਹੈ, ਉੱਥੇ ਹੀ ਇਸ ਸਾਲ ਬਹੁਤ ਘੱਟ ਦਿਨਾਂ ਤੱਕ ਤਾਪਮਾਨ 40 ਤੋਂ ਉਪਰ ਰਹੇਗਾ। ਜੂਨ ਮਹੀਨੇ ਵਿੱਚ ਗਰਮੀ ਵਧ ਸਕਦੀ ਹੈ।