Jalandhar by election: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਆਏ ਲੋਕਾਂ ਨੂੰ ਪੁਲਿਸ ਵੱਲੋਂ ਧਮਕੀਆਂ ਦੇਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਜਲੰਧਰ ਜ਼ਿਮਨੀ ਚੋਣ ਵਿੱਚ ਆਪਣੀ ਹਾਰ ਤੋਂ ਇੰਨਾ ਘਬਰਾ ਗਈ ਹੈ ਕਿ ਪੁਲਿਸ ਤੋਂ ਧਮਕੀਆਂ ਦਵਾ ਰਹੀ ਹੈ।
ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਹੈ ਸ਼ਰਮਨਾਕ! ਆਮ ਆਦਮੀ ਪਾਰਟੀ ਆਪਣੀ ਹਾਰ ਤੋਂ ਇੰਨਾ ਜਿਆਦਾ ਘਬਰਾ ਗਈ ਹੈ ਕਿ ਪੁਲਿਸ ਪ੍ਰਸ਼ਾਸਨ ਕੋਲੋਂ ਬਲਕੌਰ ਸਿੰਘ ਜੀ ਨੂੰ ਮਿਲਣ ਲਈ ਆਏ ਲੋਕਾਂ ਨੂੰ ਧਮਕੀਆਂ ਦਿਵਾ ਰਹੀ ਹੈ। ਜਲੰਧਰ ਦੇ ਲੋਕ ਇਸ ਤਾਨਾਸ਼ਾਹੀ ਵਤੀਰੇ ਦਾ ਬਦਲਾ ਜ਼ਰੂਰ ਲੈਣਗੇ। ਸਭ ਯਾਦ ਰੱਖਿਆ ਜਾਏਗਾ।
ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜਲੰਧਰ ਜ਼ਿਮਨੀ ਚੋਣ ਵਿੱਚ ਨੌਜਵਾਨਾਂ ਨੂੰ ‘ਆਪ’ ਖ਼ਿਲਾਫ਼ ਭੁਗਤਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਸਰਕਾਰ ਨੇ ਉਨ੍ਹਾਂ ਦੀਆਂ ਜੜਾਂ ਪੁੱਟੀਆਂ, ਉਹ ਉਸ ਜ਼ਾਲਮ ਸਰਕਾਰ ਦੀਆਂ ਜੜਾਂ ਪੁੱਟ ਕੇ ਦਮ ਲੈਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਕਥਿਤ ਗੈਂਗਸਟਰਾਂ ਨਾਲ ਸਾਜ਼ਿਸ਼ ਰਚ ਕੇ ਪਹਿਲਾਂ ਸਿੱਧੂ ਮੂਸੇਵਾਲਾ ਦੇ ਸੁਰੱਖਿਆ ਕਰਮੀ ਵਾਪਸ ਲਏ ਤੇ ਮਗਰੋਂ ਇਸ ਬਾਰੇ ਖਬਰਾਂ ਛਪਵਾਈਆਂ, ਜਿਸ ਨਾਲ ਉਸ ਦੇ ਕਤਲ ਕਰਨ ਦਾ ਰਾਹ ਪੱਧਰਾ ਹੋ ਗਿਆ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੂ ਮੂਸੇਵਾਲਾ ਦੇ ਕਾਤਲ ਗ੍ਰਿਫ਼ਤਾਰ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੇਲੇ ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਤੇ ਹੋਰ ਕਈ ਨਾਮਵਰ ਸ਼ਖ਼ਸੀਅਤਾਂ ਦੇ ਕਤਲ ਹੋਏ ਪਰ ਸਰਕਾਰ ਵੱਲੋਂ ਇਨ੍ਹਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਸਗੋਂ ਗੈਂਗਸਟਰਾਂ ਦੀਆਂ ਜੇਲ੍ਹਾਂ ’ਚੋਂ ਇੰਟਰਵਿਊਜ਼ ਕਰਵਾਈਆਂ ਜਾ ਰਹੀਆਂ ਹਨ।
ਸ਼ਰਮਨਾਕ! ਆਮ ਆਦਮੀ ਪਾਰਟੀ ਆਪਣੀ ਹਾਰ ਤੋਂ ਇੰਨਾ ਜਿਆਦਾ ਘਬਰਾ ਗਈ ਹੈ ਕਿ ਪੁਲਿਸ ਪ੍ਰਸ਼ਾਸਨ ਕੋਲੋਂ ਸ. ਬਲਕੋਰ ਸਿੰਘ ਜੀ ਨੂੰ ਮਿਲਣ ਲਈ ਆਏ ਲੋਕਾਂ ਨੂੰ ਧਮਕੀਆਂ ਦਿਵਾ ਰਹੀ ਹੈ। ਜਲੰਧਰ ਦੇ ਲੋਕ ਇਸ ਤਾਨਾਸ਼ਾਹੀ ਵਤੀਰੇ ਦਾ ਬਦਲਾ ਜ਼ਰੂਰ ਲੈਣਗੇ। ਸਭ ਯਾਦ ਰੱਖਿਆ ਜਾਏਗਾ