ਗੁਰਦਾਸਪੁਰ: ਚੋਣ ਕਮਿਸ਼ਨ ਨੇ ਗੁਰਦਾਸਪੁਰ ਦੇ ਬੀਜੇਪੀ ਉਮੀਦਵਾਰ ਸੰਨੀ ਦਿਓਲ ਦੀਆਂ ਫ਼ਿਲਮਾਂ 'ਤੇ 19 ਮਈ ਤਕ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਸੰਨੀ ਦਿਓਲ ਦੀਆਂ ਦੋ ਫ਼ਿਲਮਾਂ ਦੀ ਪ੍ਰੋਮੋਸ਼ਨ ਵੀ ਰੋਕ ਦਿੱਤੀ ਗਈ ਹੈ। ਸੰਨੀ ਦੇ ਬੇਟੇ ਕਰਨ ਦੀ ਪਹਿਲੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਤੇ ਉਸ ਦੀ ਬਲੈਂਕ ਫ਼ਿਲਮ ਦੀ ਪ੍ਰੋਮੋਸ਼ਨ ਰੁਕ ਗਈ ਹੈ। ਇਸ ਤੋਂ ਇਲਾਵਾ ਸੰਨੀ ਨੂੰ ਇੱਕ ਹੋਰ ਹੁਕਮ ਜਾਰੀ ਕੀਤਾ ਗਿਆ ਹੈ। 2 ਮਈ ਨੂੰ ਡੇਰਾ ਬਾਬਾ ਨਾਨਾਕ ਤੋਂ ਪਠਾਨਕੋਟ ਤਕ ਕੱਢੇ ਰੋਡ ਸ਼ੋਅ ਵਿੱਚ ਜੁੜੇ ਇਕੱਠ ਨੂੰ ਵਾਰ-ਵਾਰ ਟੀਵੀ ਚੈਨਲਾਂ ਤੇ ਫੇਸਬੁੱਕ 'ਤੇ ਦਿਖਾਇਆ ਜਾ ਰਿਹਾ ਸੀ। ਚੋਣ ਕਮਿਸ਼ਨ ਨੇ ਇਸ ਦਾ ਸਾਰਾ ਖ਼ਰਚ ਸੰਨੀ ਦਿਓਲ ਤੇ ਪਾਰਟੀ ਦੇ ਖ਼ਾਤੇ ਵਿੱਚ ਜੋੜਨ ਲਈ ਕਿਹਾ ਹੈ। ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਕੇਬਲ ਆਪਰੇਟਰਾਂ ਤੇ ਸਿਨੇਮਾ ਘਰਾਂ ਵਿੱਚ ਸੰਨੀ ਦਿਓਲ ਦੀਆਂ ਫਿਲਮਾਂ ਨਹੀਂ ਵਿਖਾਈਆਂ ਜਾਣਗੀਆਂ। ਕਾਂਗਰਸ ਦੇ ਅਮਿਤ ਸਿੰਘ ਮੰਟੂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸੰਨੀ ਦੇ ਰੋਡ ਸ਼ੋਅ ਵਿੱਚ ਉਸ ਦੀਆਂ ਫਿਲਮਾਂ ਦੇ ਗੀਤ ਤੇ ਵੀਡੀਓ ਚਲਾਈਆਂ ਜਾ ਰਹੀਆਂ ਹਨ। ਕੇਬਲ ਆਪਰੇਟਰ ਵੀ ਟੀਵੀ ਤੇ ਉਸ ਦੀਆਂ ਫਿਲਮਾਂ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਨੀ ਦੀਆਂ ਫਿਲਮਾਂ ਦਾ ਸਿਆਸੀ ਲਾਹਾ ਲਿਆ ਜਾ ਰਿਹਾ ਹੈ, ਇਸ 'ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਇਸ ਸ਼ਿਕਾਇਤ ਮਗਰੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹਾ ਚੋਣ ਕਮਿਸ਼ਨਰ ਪਠਾਨਕੋਟ ਤੇ ਗੁਰਦਾਸਪੁਰ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸੇ ਆਧਾਰ 'ਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਸਿਨੇਮਾ ਘਰਾਂ ਤੇ ਸਾਰੇ ਕੇਬਲ ਆਪਰੇਟਰਾਂ ਨੂੰ ਵੋਟਾਂ ਪੈਣ ਤਕ ਸੰਨੀ ਦਿਓਲ ਦੀਆਂ ਫ਼ਿਲਮਾਂ ਨਾ ਦਿਖਾਉਣ ਦੇ ਹੁਕਮ ਦਿੱਤੇ ਗਏ ਹਨ।