ਸ਼ਹੀਦ ਭਗਤ ਸਿੰਘ ਨਗਰ: ਨਵਾਂ ਸ਼ਹਿਰ ਪੁਲਿਸ ਨੇ ਬੱਬਰ ਖ਼ਾਲਸਾ ਨੈੱਟਵਰਕ ਨਾਲ ਜੁੜੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਤੋਂ ਇੱਕ ਰਿਵਾਲਵਰ, 15 ਭਾਰਤੀ ਪਾਸਪੋਰਟ ਤੇ 15 ਹਜ਼ਾਰ ਰੁਪਏ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ। ਪੁਲਿਲ ਨੇ ਅਦਾਲਤ ਤੋਂ ਦੋਵਾਂ ਮੁਲਜ਼ਮਾਂ ਦਾ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਹੈ।


ਨਵਾਂਸ਼ਹਿਰ ਦੇ ਐਸਪੀ (ਪੜਤਾਲ) ਵਜ਼ੀਰ ਸਿੰਘ ਖਹਿਰਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਖ਼ਤਮ ਕਰਨ ਦਾ ਕੰਮ ਦਿੱਤਾ ਗਿਆ ਸੀ, ਜਿਸ ਬਦਲੇ 1.80 ਲੱਖ ਰੁਪਏ ਵੀ ਦਿੱਤੇ ਗਏ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਨਵਾਂ ਸ਼ਹਿਰ ਦੇ ਬਲਾਚੌਰ ਪੁਲਿਸ ਸਟੇਸ਼ਨ ‘ਚ ਫ਼ਰਵਰੀ, 2019 ‘ਚ ਗ਼ੈਰ ਕਾਨੂੰਨੀ ਗਤੀਵਿਧੀਆਂ ‘ਚ ਸ਼ਮੂਲੀਅਤ ਦੇ ਇਲਜ਼ਾਮਾਂ ਤਹਿਤ ਬੱਬਰ ਖਾਲਸਾ ਦੇ ਚਾਰ ਸ਼ੱਕੀ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗੁਰਦੀਪ ਸਿੰਘ ਦੀਪ ਉਰਫ਼ ਛੋਟਾ ਕੁਤਰਾ ਤੇ ਅਰਵਿੰਦਰ ਸਿੰਘ ਉਰਫ਼ ਮਿੱਠਾ ਸਿੰਘ ਨੂੰ ਗ੍ਰਿਫ਼ਤਾਰੀ ਕੀਤਾ ਸੀ ਜਦਕਿ ਬਾਕੀ ਦੋ ਮੈਂਬਰਾਂ ਜਸਪ੍ਰੀਤ ਸਿੰਘ ਉਰਫ਼ ਜੱਸੀ ਤੇ ਹਰਸ਼ਦੀਪ ਸਿੰਘ ਦੀ ਤਲਾਸ਼ ਸੀ। ਇਨ੍ਹਾਂ ਵਿੱਚੋਂ ਪੁਲਿਸ ਨੇ ਅੱਜ ਜਸਪ੍ਰੀਤ ਸਿੰਘ ਉਰਫ਼ ਜੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਦਿੱਲੀ ਦਾ ਰਿਹਣ ਵਾਲਾ ਮਹਿਮੂਦ ਸ਼ਰੀਫ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਕੋਲੋਂ ਪੁਲਿਸ ਨੇ 15 ਭਾਰਤੀ ਪਾਸਪੋਰਟ ਤੇ 10,000 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਸ਼ਰੀਫ ਅਕਸਰ ਪਾਕਿਸਤਾਨ ਆਉਂਦਾ ਜਾਂਦਾ ਸੀ।

ਐਸਪੀ ਨੇ ਦੱਸਿਆ ਜੱਸੀ ਨੂੰ ਦੀਪ ਨੇ ਨਵਾਂ ਸ਼ਹਿਰ ਦੇ ਪਿੰਡ ਸੰਦੋਆ ਤੇ ਬਛੇੜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਖ਼ਤਮ ਕਰਨ ਦਾ ਕੰਮ ਸੌਂਪਿਆ ਸੀ। ਉਸ ਨੇ 1.80 ਲੱਖ ਰੁਪਏ ਨਾਲ ਹੀ ਬਰਾਮਦ ਕੀਤਾ ਪਿਸਤੌਲ ਖਰੀਦਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਹੋਰ ਖੁਲਾਸੇ ਹੋਣ ਦੀ ਆਸ ਹੈ।