Punjab News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Khaira) ਦੀ ਚੰਡੀਗੜ੍ਹ ਵਿੱਚ 3.82 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਨ ਤੋਂ ਬਾਅਦ ਪੰਜਾਬ ਵਿੱਚ ਰਾਜਨੀਤੀ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਦੇ ਆਗੂਆਂ ਨੇ ਖਹਿਰਾ ਵਿਰੁੱਧ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਰਦਾਸਪੁਰ ਸੀਟ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਸੀਟ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਪਟਿਆਲਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ, ਸਾਬਕਾ ਮੰਤਰੀ ਤੇ ਜਲੰਧਰ ਕੈਂਟ ਸੀਟ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਲੀਡਰਾਂ ਨੇ ਇਸ  ਕਾਰਵਾਈ ਦਾ ਵਿਰੋਧ ਕੀਤਾ ਹੈ।

ਸੁਖਜਿੰਦਰ ਸਿੰਘ ਰੰਧਾਵਾ ਨੇ ਕੀ ਕਿਹਾ ?

ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੰਨ 1990 ਦਾ ਬਣਿਆ ਘਰ 2015 ਦੇ ਕੇਸ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਏਜੰਸੀਆਂ ਵੱਲੋਂ ਪਹਿਲਾ ਭੁਪੇਸ਼ ਬਘੇਲ ਜੀ ਦੇ ਘਰ ਰੇਡ ਕੀਤੀ ਗਈ ਤੇ ਹੁਣ ਵਿਧਾਇਕ ਸੁਖਪਾਲ ਖਹਿਰਾ ਦੀ ਧੱਕੇਸ਼ਾਹੀ ਖਿਲਾਫ਼ ਬੁਲੰਦ ਹੁੰਦੀ ਆ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਰੰਧਾਵਾ ਨੇ ਕਿਹਾ ਕਿ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਵੇਂ ਏਜੰਸੀਆਂ ਬਘੇਲ ਜੀ ਦੇ ਘਰੋਂ ਖਾਲੀ ਹੱਥ ਗਈਆਂ, ਖਹਿਰਾ ਸਾਬ੍ਹ ਦੇ ਮਾਮਲੇ 'ਚ ਵੀ ਇਨ੍ਹਾਂ ਦੇ ਹੱਥ ਖਾਲੀ ਰਹਿਣ ਵਾਲੇ ਨੇ। ਤੁਹਾਡਾ ਇਹ "Operation Opposition" ਪੰਜਾਬ ਕਾਂਗਰਸ ਨੂੰ ਡਰਾ ਨਹੀਂ ਸਕਦਾ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀ ਕਿਹਾ ?

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਭਾਜਪਾ   ਦੇ ਇੱਕ ਮੋਹਰੀ ਸੰਗਠਨ ਵਜੋਂ ਕੰਮ ਕਰ ਰਹੀ ਹੈ। ਸਾਰੀਆਂ ਚੋਣਾਂ ਤੋਂ ਪਹਿਲਾਂ, ਭਾਜਪਾ ਦੇਸ਼ ਭਰ ਵਿੱਚ ਹਰ ਜਗ੍ਹਾ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਲਈ ਈਡੀ ਨੂੰ ਉਤਾਰਦੀ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਈਡੀ ਨੇ ਪਹਿਲਾਂ ਭੁਪੇਸ਼ ਬਘੇਲ ਜੀ ਅਤੇ ਹੁਣ ਪੰਜਾਬ ਕਾਂਗਰਸ ਨੇਤਾ ਸੁਖਪਾਲ ਖਹਿਰਾ ਜੀ ਵਰਗੇ ਸੀਨੀਅਰ ਨੇਤਾ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਦਹਾਕਿਆਂ ਤੋਂ ਜਿਸ ਘਰ ਦੀ ਮਾਲਕੀ ਖਹਿਰਾ ਪਰਿਵਾਰ ਕੋਲ ਹੈ ਅੱਜ ਓਸੇ ਘਰ ਨੂੰ ਈਡੀ ਨੇ 2015 ਵਿਚ ਦਰਜ ਕੀਤੇ ਕੇਸ ਨਾਲ ਜੋੜ ਦਿੱਤਾ ਹੈ। 

ਅਸੀਂ ਆਪਣੇ ਨੇਤਾਵਾਂ ਦੇ ਨਾਲ ਖੜ੍ਹੇ ਹਾਂ ਅਤੇ ਆਪਣੇ ਇਰਾਦੇ ਨੂੰ ਦੁਹਰਾਉਂਦੇ ਹਾਂ ਕਿ ਕੁਝ ਵੀ ਹੋ ਜਾਵੇ, ਕਾਂਗਰਸ ਕਿਸੇ ਵੀ ਦਬਾਅ ਅੱਗੇ ਨਹੀਂ ਝੁਕੇਗੀ।  ਸਗੋਂ ਇਹ ਸਾਡੇ ਵਰਕਰਾਂ ਲਈ ਇੱਕ ਸੰਕੇਤ ਹੈ ਕਿ ਪਾਰਟੀ ਇੰਨੀ ਮਜ਼ਬੂਤ ​​ਹੈ ਕਿ ਭਾਜਪਾ ਨੂੰ ਸਾਡੇ ਨਾਲ ਲੜਨ ਲਈ ਈਡੀ ਵਰਗੀਆਂ ਏਜੰਸੀਆਂ ਦੀਆਂ ਸੇਵਾਵਾਂ ਦੀ ਲੋੜ ਪੈ ਰਹੀ ਹੈ ।

ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ ?

ਪੰਜਾਬ ਵਿਧਾਨ ਸਭਾ ਵਿੱਚ ਵਿਰੋਧ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਕਾਂਗਰਸ ਦੇ ਵਧਦੇ ਗ੍ਰਾਫ਼ ਤੋਂ ਡਰੀ ਹੋਈ ਹੈ। ਪਹਿਲਾਂ ਪੰਜਾਬ ਦੇ ਜਨਰਲ ਸਕੱਤਰ ਇੰਚਾਰਜ ਭੂਪੇਸ਼ ਬਘੇਲ ਜੀ ਨੂੰ ED ਨੇ ਨਿਸ਼ਾਨਾ ਬਣਾਇਆ ਅਤੇ ਹੁਣ ਮੇਰੇ ਸਾਥੀ ਅਤੇ MLA ਸੁਖਪਾਲ ਸਿੰਘ ਖਹਿਰਾ ਜੀ ਦੇ ਘਰ ਨੂੰ ED ਵੱਲੋਂ ਬੇਤੁਕੇ ਆਧਾਰ 'ਤੇ ਜ਼ਬਤ ਕਰਨਾ ਇੱਕ ਹੋਰ ਉਦਾਹਰਣ ਹੈ ਕਿ ਭਾਜਪਾ ਕੇਂਦਰੀ ਏਜੰਸੀਆਂ ਰਾਹੀਂ ਆਪਣੇ ਵਿਰੋਧੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਾਰਵਾਈਆਂ ਸਾਨੂੰ ਕਿਸੇ ਵੀ ਤਰ੍ਹਾਂ ਰੋਕ ਨਹੀਂ ਸਕਦੀਆਂ ਅਤੇ ਅਸੀਂ ਹੋਰ ਵੀ ਮਜ਼ਬੂਤੀ ਨਾਲ ਲੜਾਂਗੇ।

ਪਰਗਟ ਸਿੰਘ ਨੇ ਕੀ ਕਿਹਾ ?

ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪਹਿਲਾਂ ਪੰਜਾਬ ਇੰਚਾਰਜ ਭੂਪੇਸ਼ ਬਘੇਲ ਜੀ ਦੇ ਘਰ ਛਾਪੇ, ਹੁਣ ਸੁਖਪਾਲ ਸਿੰਘ ਖਹਿਰਾ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਭਾਜਪਾ ਦੀ ਕੇਂਦਰ ਸਰਕਾਰ ਅਤੇ ਉਨ੍ਹਾਂ ਦੀ B-ਟੀਮ ਭਗਵੰਤ ਮਾਨ ਦੀ ਸਰਕਾਰ ਵਿਰੁੱਧ ਬੋਲਣ ਦੀ ਸਜ਼ਾ ਦਿਤੀ ਜਾ ਰਹੀ ਹੈ।ਬੁਖਲਾਹਟ ਵਿੱਚ ਆਈ ਭਾਜਪਾ, ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਪੰਜਾਬ ‘ਚ ਕਾਂਗਰਸ ਨੂੰ ਡਰਾ ਨਹੀਂ ਸਕਦੀ! ਅਸੀਂ ਇਸ ਬਦਲਾਖੋਰੀ ਦੀ ਰਾਜਨੀਤੀ ਦੇ ਖਿਲਾਫ ਡਟ ਕੇ ਖੜੇ ਹਾਂ