ਚੰਡੀਗੜ੍ਹ: ਸਿੱਖਿਆ ਮੰਤਰੀ ਓਪੀ ਸੋਨੀ ਨੇ ਧਰਨਾ ਦੇ ਰਹੇ ਅਧਿਆਪਕਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਅਧਿਆਪਕ ਯੋਗਤਾ ਟੈਸਟ (ਟੀਈਟੀ) ਪਾਸ ਕਰਨ ਨਾਲ ਕੋਈ ਅਧਿਆਪਕ ਨਹੀਂ ਬਣ ਜਾਂਦਾ। ਉਨ੍ਹਾਂ ਕਿਹਾ ਕਿ ਜਿਹੜੇ ਧਰਨਾ ਦੇ ਰਹੇ ਹਨ, ਉਹ ਆਮ ਲੋਕ ਹਨ। ਜਦੋਂ ਆਸਾਮੀਆਂ ਨਿੱਕਲਣਗੀਆਂ ਤਾਂ ਸਭ ਨੂੰ ਨੌਕਰੀ ਦਿੱਤੀ ਜਾਏਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਟੈਟ ਪਾਸ ਈਟੀਟੀ ਅਧਿਆਪਕਾਂ ਨੇ ਸਿੱਖਿਆ ਮੰਤਰੀ ਓਪੀ ਸੋਨੀ ਦੇ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਖਦੇੜਨ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਸੀ।

ਦਰਅਸਲ, ਸਿੱਖਿਆ ਮੰਤਰੀ ਲੁਧਿਆਣਾ ’ਚ ਬਰੇਲ ਭਵਨ ਵਿੱਚ ਬਣਾਏ ਜਿੰਮ ਦਾ ਉਦਘਾਟਨ ਕਰਨ ਅਤੇ ਨਵੇਂ ਬਣਾਏ ਜਾਣ ਵਾਲੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਅੰਮ੍ਰਿਤਸਰ ਵਿੱਚ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰਨ ਪੁੱਜੇ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਸਬੰਧੀ ਕਿਹਾ ਕਿ ਟੀਈਟੀ ਪਾਸ ਕਰ ਲੈਣ ਨਾਲ ਕੋਈ ਅਧਿਆਪਕ ਨਹੀਂ ਬਣ ਜਾਂਦਾ। ਜਦੋਂ ਸਰਕਾਰ ਨੌਕਰੀਆਂ ਕੱਢੇਗੀ ਤਾਂ ਉਨ੍ਹਾਂ ਨੂੰ ਖ਼ੁਦ-ਬ-ਖ਼ੁਦ ਨੌਕਰੀ ਮਿਲ ਜਾਏਗੀ।

ਉਨ੍ਹਾਂ ਕਿਹਾ ਕਿ ਅਧਿਆਪਕਾਂ ਲਈ ਸਰਕਾਰੀ ਖੇਤਰ ਦੇ ਇਲਾਵਾ ਪ੍ਰਾਈਵੇਟ ਖੇਤਰ ਵਿੱਚ ਵੀ ਕਈ ਨੌਕਰੀਆਂ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਅਧਿਆਪਕਾਂ ਨੂੰ ਕਈ ਵਾਰ ਸਮਝਾਈ ਜਾ ਚੁੱਕੀ ਹੈ। 27 ਜਨਵਰੀ ਨੂੰ ਅੰਮ੍ਰਿਤਸਰ ਸਥਿਤ ਉਨ੍ਹਾਂ ਦੀ ਰਿਹਾਇਸ਼ ਦਾ ਮੁੜ ਘਿਰਾਓ ਕਰਨ ਦੇ ਐਲਾਨ ਸਬੰਧੀ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ।