ਜਲੰਧਰ : ਪੰਜਾਬ ਵਿੱਚ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਕਮਿਸ਼ਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਜਲੰਧਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ।
ਚੋਣ ਕਮਿਸ਼ਨ ਏ ਕੇ ਜਯੋਤੀ ਨੇ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਨੇ ਖ਼ਾਸ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਵੋਟ ਪਾਉਣ ਤੋਂ ਬਾਅਦ ਵੋਟਰ ਇਹ ਦੇਖ ਸਕੇਗਾ ਕਿ ਉਸ ਦੀ ਵੋਟ ਕਿਸ ਨੂੰ ਪਈ ਹੈ।
ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਰੈਲੀਆਂ ਲਈ ਵੀ ਤਹਿਸੀਲ ਦਫ਼ਤਰ ਤੋਂ ਆਗਿਆ ਲੈਣੀ ਹੋਵੇਗੀ। ਇਸ ਤੋਂ ਇਲਾਵਾ ਹੈਲੀਕਾਪਟਰ ਲਈ ਆਗਿਆ 36 ਘੰਟੇ ਪਹਿਲਾਂ ਲੈਣੀ ਹੋਵੇਗੀ। ਚੋਣ ਕਮਿਸ਼ਨ ਨੇ ਦੱਸਿਆ ਕਿ ਇਸ ਵਾਰ ਪੰਜਾਬ ਵਿੱਚ ਵੀ ਵੀ-ਪੈਂਟ (ਵੋਟਰ ਵੈਰੀ ਫਾਈਂਡ ਪੇਪਰ ਆਡਿਟ) ਸਿਸਟਮ ਵੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 22600 ਪੋਲਿੰਗ ਸਟੇਸ਼ਨ ਬਣਾਏ ਜਾਣਗੇ।
ਇਹਨਾਂ ਵਿਚੋਂ 580 ਨਵੇਂ ਹਨ। ਵੋਟਾਂ ਦੌਰਾਨ ਸੁਰੱਖਿਆ ਦੀ ਗੱਲ ਕਰਦਿਆਂ ਚੋਣ ਕਮਿਸ਼ਨ ਨੇ ਦੱਸਿਆ ਕਿ ਪੰਜਾਬ ਪੁਲਿਸ ਤੋਂ ਇਲਾਵਾ ਵੱਖ ਵੱਖ ਏਜੰਸੀਆਂ ਦੇ ਕਰੀਬ ਤਿੰਨ ਲੱਖ ਜਵਾਨ ਤੈਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ 2 ਜਨਵਰੀ 2017 ਤੱਕ ਵੋਟਰ ਲਿਸਟ ਤਿਆਰ ਹੋ ਜਾਣਗੀਆਂ।