ਚੰਡੀਗੜ੍ਹ: ਪੰਜਾਬ ਵਿੱਚ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 10 ਸਤੰਬਰ ਨੂੰ ਤੇ ਪੰਚਾਂ ਸਰਪੰਚਾਂ ਦੀਆਂ ਚੋਣਾਂ 30 ਸਤੰਬਰ ਨੂੰ ਹੋਣਗੀਆਂ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਇਸ ਸਬੰਧੀ ਰਾਜ ਦੇ ਚੋਣ ਕਮਿਸ਼ਨ ਨੂੰ ਸਿਫ਼ਾਰਸ਼ ਭੇਜ ਦਿੱਤੀ ਗਈ ਹੈ। ਰਾਜ ਵਿੱਚ 22 ਜ਼ਿਲ੍ਹਾ ਪ੍ਰੀਸ਼ਦਾਂ, 150 ਪੰਚਾਇਤ ਸਮਿਤੀਆਂ ਤੇ 13 ਹਜ਼ਾਰ ਤੋਂ ਵਧ ਪੰਚਾਇਤਾਂ ਦੀ ਚੋਣ ਲਈ ਵੋਟਾਂ ਪੈਣੀਆਂ ਹਨ। ਸਰਪੰਚਾਂ ਦੀ ਚੋਣ ਲਈ ਸਿੱਧੀਆਂ ਤੇ ਪੰਚਾਂ ਦੀ ਚੋਣ ਲਈ ਵਾਰਡਾਂ ਅਨੁਸਾਰ ਵੋਟਾਂ ਪੈਣਗੀਆਂ।
ਪੰਚਾਇਤ ਵਿਭਾਗ ਦੇ ਸਕੱਤਰ ਅਨੁਰਾਗ ਵਰਮਾ ਦੇ ਹਸਤਾਖਰਾਂ ਹੇਠ ਉਕਤ ਤਾਰੀਖਾਂ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਰਾਜ ਦੇ ਚੋਣ ਅਧਿਕਾਰੀ ਨੂੰ ਭੇਜੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਵਿਭਾਗ ਵੱਲੋਂ ਮੌਜੂਦਾ ਪੰਚਾਇਤੀ ਸੰਸਥਾਵਾਂ, ਜਿਨ੍ਹਾਂ ਵਿੱਚ ਪੰਚਾਇਤਾਂ, ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਆਉਂਦੀਆਂ ਹਨ, ਨੂੰ ਭੰਗ ਕਰਨ ਲਈ ਫਾਈਲ ਮੁੱਖ ਮੰਤਰੀ ਨੂੰ ਭੇਜ ਦਿੱਤੀ ਗਈ ਹੈ। ਮੁੱਖ ਮੰਤਰੀ ਦੀ ਸਹੀ ਪੈਂਦਿਆਂ ਹੀ ਰਾਜ ਦੀਆਂ ਸਮੁੱਚੀਆਂ ਪੰਚਾਇਤਾਂ ਤੇ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਭੰਗ ਕਰਨ ਦਾ ਐਲਾਨ ਹੋ ਜਾਵੇਗਾ।
ਪੰਜਾਬ ਵਿੱਚ ਪੰਚਾਇਤਾਂ, ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਮਿਆਦ ਖਤਮ ਹੋਣ ਵਾਲੀ ਹੈ। ਪੰਚਾਇਤ ਵਿਭਾਗ ਦੇ ਸਕੱਤਰ ਅਨੁਰਾਗ ਵਰਮਾ ਨੇ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੀਆਂ ਮਿਤੀਆਂ ਤੈਅ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਵਾਰਡਬੰਦੀ ਤੇ ਜ਼ੋਨ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਪੰਚਾਂ, ਪੰਚਾਂ, ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਾਰਡਾਂ ਤੇ ਜ਼ੋਨਾਂ ਲਈ ਰਾਖਵੇਂਕਰਨ ਦਾ ਕੰਮ ਜਾਰੀ ਹੈ ਤੇ ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।