ਚੰਡੀਗੜ੍ਹ: ਆਬਕਾਰੀ ਨੀਤੀ 'ਤੇ ਚਰਚਾ ਕਰਨ ਲਈ ਰੱਖੀ ਗਈ ਕੈਬਨਿਟ ਮੀਟਿੰਗ 'ਚ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਮੀਟਿੰਗ 'ਚੋਂ ਦੋ ਘੰਟੇ ਬਾਹਰ ਰਹਿਣ ਲਈ ਕਿਹਾ ਗਿਆ। ਉਨ੍ਹਾਂ ਦੀ ਥਾਂ 'ਤੇ ਸੀਨੀਅਰ ਅਫ਼ਸਰ ਗ੍ਰਹਿ ਸਕੱਤਰ ਸਤੀਸ਼ ਚੰਦਰਾ ਨੂੰ ਮੀਟਿੰਗ 'ਚ ਹਾਜ਼ਰ ਹੋਣ ਲਈ ਕਿਹਾ ਗਿਆ।
ਮੰਤਰੀ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਕੋਲ ਪਹਿਲਾਂ ਹੀ ਮੁੱਖ ਸਕੱਤਰ ਤੇ ਠੇਕੇਦਾਰ ਦਾ ਪੱਖ ਪੂਰਦੀਆਂ ਆਬਕਾਰੀ ਨੀਤੀ ਦੀਆਂ ਧਾਰਾਵਾਂ ਦਾ ਮੁੱਦਾ ਚੁੱਕਣ ਦੇ ਰੌਂਅ ਵਿੱਚ ਸਨ। ਇਸ ਨਾਲ ਮੁੱਖ ਮੰਤਰੀ ਤੇ ਸਰਕਾਰ ਦੀ ਬੇਵੱਸੀ ਜੱਗ ਜ਼ਾਹਰ ਹੋ ਸਕਦੀ ਸੀ।
ਸ਼ੁੱਕਰਵਾਰ ਨੂੰ ਬੈਠਕ ਵਿੱਚ ਮੁੱਖ ਸਕੱਤਰ ਦੀ ਟੀਕਾ-ਟਿੱਪਣੀਆਂ ਤੋਂ ਅੱਕ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਸਾਥੀ ਮੰਤਰੀਆਂ ਨਾਲ ਕਥਿਤ ਤੌਰ 'ਤੇ ਵਾਕਆਊਟ ਵੀ ਕਰ ਗਏ ਸਨ। ਸੂਤਰਾਂ ਦੀ ਮੰਨੀਏ ਤਾਂ ਮੰਤਰੀਆਂ ਨੇ ਆਬਕਾਰੀ ਨੀਤੀ ਸਬੰਧੀ ਆਪਣੇ ਤੌਖ਼ਲਿਆਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾ ਦਿੱਤਾ ਹੈ ਤੇ ਆਖ਼ਰੀ ਫੈਸਲਾ ਵੀ ਉਨ੍ਹਾਂ 'ਤੇ ਹੀ ਛੱਡ ਦਿੱਤਾ ਹੈ।
ਇੰਨਾ ਹੀ ਨਹੀਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਾਂ ਕੈਪਟਨ ਦੇ ਮੁੱਖ ਵਜ਼ੀਰ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਮੋਰਚਾ ਹੀ ਖੋਲ੍ਹ ਦਿੱਤਾ ਹੈ। ਉਨ੍ਹਾਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਟਵਿੱਟਰ 'ਤੇ ਲੜੀਵਾਰ ਸਵਾਲ ਦਾਗ਼ ਕੇ ਸਕੱਤਰ 'ਤੇ ਆਪਣੇ ਪੁੱਤਰ ਦੀ ਕਪੂਰਥਲਾ ਜ਼ਿਲ੍ਹੇ ਦੀ ਵੱਡੀ ਸ਼ਰਾਬ ਫੈਕਟਰੀ ਵਿੱਚ ਹਿੱਸੇਦਾਰੀ ਨੂੰ ਹਿੱਤਾਂ ਦੇ ਟਕਰਾਅ ਹੋਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਕਤ ਫੈਕਟਰੀ ਦੀ ਬਣੀ ਸ਼ਰਾਬ ਨੂੰ ਤਸਕਰੀ ਦੌਰਾਨ ਪਹਿਲਾਂ ਫੜਿਆ ਗਿਆ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ: ਕੈਪਟਨ ਦੇ ਮੰਤਰੀਆਂ ਦੀ ਬਗਾਵਤ, ਅਫਸਰਸ਼ਾਹੀ ਦੇ ਨਾਲ ਹੀ ਰਵਨੀਤ ਬਿੱਟੂ ਕਸੂਤੇ ਘਿਰੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ