ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਦਿੱਲੀ ਦੇ ਗੁਰਦੁਆਰਿਆਂ 'ਚ ਲੰਗਰ ਛਕਣ ਵਾਲੇ ਬੇਸਹਾਰਾ ਲੋਕਾਂ ਦੀ ਗਿਣਤੀ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਦੂਜੇ ਪਾਸੇ ਗੁਰਦੁਆਰਿਆਂ ਨੂੰ ਮਿਲਣ ਵਾਲੇ ਰਾਸ਼ਨ ਤੇ ਦਾਨ ਦੀ ਰਾਸ਼ੀ 'ਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਮੁਤਾਬਕ ਲੌਕਡਾਊਨ ਕਾਰਨ ਦਿੱਲੀ ਕਮੇਟੀ ਦੇ ਗੁਰਦੁਆਰਿਆਂ ਚ ਕਰੀਬ 50 ਲੱਖ ਬੇਘਰ, ਪਰਵਾਸੀ ਤੇ ਬਜ਼ੁਰਗਾਂ ਨੂੰ ਲੰਗਰ ਮਿਲ ਰਿਹਾ ਹੈ।
ਕੁਝ ਗੁਰਦੁਆਰਿਆਂ ਨੇ ਡਾਕਟਰਾਂ ਤੇ ਨਰਸਾਂ ਸਮੇਤ ਕਰੀਬ 200 ਸਿਹਤ ਕਰਮੀਆਂ ਨੂੰ ਆਸਰਾ ਦਿੱਤਾ ਹੈ। DSGMC ਨੇ 500 ਲੋਕਾਂ ਨੂੰ ਲੌਕਡਾਊਨ ਦੌਰਾਨ ਰਾਹਤ ਕਾਰਜ ਲਈ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ 'ਚ ਖਾਣਾ ਬਣਾਉਣ ਵਾਲੇ, ਚਾਲਕ, ਸਫਾਈ ਕਰਮੀ ਸ਼ਾਮਲ ਹਨ। DSGMC ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਇਸ ਤੋਂ ਪਹਿਲਾਂ ਦਿੱਲੀ ਦੇ ਗੁਰਦੁਆਰਿਆਂ 'ਚ 40 ਲੱਖ ਰੁਪਏ ਦਾ ਦਾਨ ਆਉਂਦਾ ਸੀ ਜਿਸ ਨਾਲ ਲੰਗਰ ਸੇਵਾ ਜਾਰੀ ਰੱਖਣ 'ਚ ਮਦਦ ਮਿਲਦੀ ਸੀ।
ਸਿਰਸਾ ਨੇ ਕਿਹਾ ਕਿ ਲੌਕਡਾਊਨ ਕਾਰਨ ਲੋਕ ਗੁਰਦੁਆਰੇ ਨਹੀਂ ਆ ਸਕਦੇ ਜਿਸ ਕਾਰਨ ਦਾਨ ਤੇ ਚੜ੍ਹਾਵੇ 'ਚ ਕਮੀ ਤੋਂ ਬਾਅਦ 20 ਫੀਸਦ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ ਕੁਝ ਲੋਕਾਂ ਕਾਰਨ ਲੰਗਰ ਸੇਵਾ ਜਾਰੀ ਹੈ ਜੋ ਰਾਸ਼ਨ ਦਾਨ ਕਰਦੇ ਹਨ ਜਿਵੇਂ ਤੇਲ, ਘਿਉ, ਖੰਡ, ਆਟਾ, ਦਾਲਾਂ, ਚੌਲ, ਮਸਾਲੇ ਤੇ ਨਮਕ ਆਦਿ ਪਰ ਰੋਜ਼ਾਨਾ ਲੋੜੰਵਦਾਂ ਦੀ ਗਿਣਤੀ 'ਚ ਹੋ ਰਹੇ ਇਜ਼ਾਫੇ ਤੋਂ ਬਾਅਦ ਹੁਣ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਨੂੰ ਪੂਰੀ ਰਾਜਧਾਨੀ ਦੇ ਵੱਖ-ਵੱਖ ਗੁਰਦੁਆਰਿਆਂ ਤੋਂ ਸਾਧਨਾਂ ਦੀ ਕਮੀ ਬਾਰੇ ਫੋਨ ਆਉਂਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਪੂਰੀ ਤਰ੍ਹਾਂ ਦਾਨ ਤੇ ਨਿਰਭਰ ਹੈ ਤੇ ਇਹ ਦੁਨੀਆਂ ਭਰ ਦੇ ਕੁਝ ਵੱਡੇ ਦਿਲ ਵਾਲਿਆਂ ਵੱਲੋਂ ਮਿਲਣ ਵਾਲੀ ਮਦਦ ਹੈ ਜਿਸ ਕਾਰਨ ਕਮੇਟੀ ਨੇ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਹਨ। ਉਨ੍ਹਾਂ ਦੱਸਿਆ ਕਿ ਇਕ ਜੋੜੇ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਤੇ ਕਮੇਟੀ ਨੂੰ ਢਾਈ ਲੱਖ ਰੁਪਏ ਦਾਨ ਦਿੱਤੇ ਹਨ।
ਇਹ ਵੀ ਪੜ੍ਹੋ: ਕੈਪਟਨ ਦੇ ਮੰਤਰੀਆਂ ਦੀ ਬਗਾਵਤ, ਅਫਸਰਸ਼ਾਹੀ ਦੇ ਨਾਲ ਹੀ ਰਵਨੀਤ ਬਿੱਟੂ ਕਸੂਤੇ ਘਿਰੇ
ਇਸ ਤੋਂ ਇਲਾਵਾ 20 ਟਰੱਕ ਰਾਸ਼ਨ ਗੁਰਦੁਆਰਿਆਂ ਚ ਗੁਪਤ ਰੂਪ 'ਚ ਦਾਨ ਵਜੋਂ ਆਏ ਹਨ। ਹਾਲ ਹੀ 'ਚ ਇਕ ਸੰਗਠਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 51 ਲੱਖ ਰੁਪਏ ਦਾਨ ਦਿੱਤਾ। ਬੇਸ਼ੱਕ ਰਸਦ ਤੇ ਪੈਸਿਆਂ ਕਾਰਨ ਵੱਡੀ ਮੁਸ਼ਕਲ ਆ ਰਹੀ ਹੈ ਪਰ ਫਿਰ ਵੀ ਅਜਿਹੀ ਸੰਕਟ ਦੀ ਘੜੀ 'ਚ ਵੀ ਗੁਰਦੁਆਰਿਆਂ ਦੇ ਦੁਆਰ ਲੋੜੰਵਦਾਂ ਲਈ ਖੁੱਲ੍ਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ