ਜਲੰਧਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਬਣਾਏ ਪੰਡਾਲ 'ਚ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਹਿਜ ਪਾਠ ਨਾਲ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਵਾਉਣਗੇ। ਸਰਕਾਰ ਵੱਲੋਂ ਇੱਥੇ ਕੀ ਕੁਝ ਕਰਵਾਇਆ ਜਾਵੇਗਾ, ਉਹ ਵੀ ਦੱਸਣਗੇ।


ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਸੱਭਿਆਚਾਰਕ ਮੰਤਰੀ ਚਰਨਜੀਤ ਚੰਨੀ ਨੇ ਵਲੰਟੀਅਰਾਂ ਨਾਲ ਭੰਗੜਾ ਵੀ ਪਾਇਆ। ਉਨ੍ਹਾਂ ਨਾਲ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਡੀਪੀਐਸ ਖਰਬੰਦਾ, ਐਸਡੀਐਮ ਚਾਰੁਮਿਤਾ ਤੇ ਪ੍ਰੋਗਰਾਮ ਇੰਚਾਰਜ ਨਵਨੀਤ ਬੱਲ ਵੀ ਮੌਜੂਦ ਸਨ।

ਸਰਕਾਰੀ ਪੰਡਾਲ 'ਚ 5 ਨਵੰਬਰ ਤੋਂ 13 ਨਵੰਬਰ ਤੱਕ ਧਾਰਮਿਕ ਪ੍ਰੋਗਰਾਮ ਹੋਣਗੇ। ਪ੍ਰੋਗਰਾਮ ਮੁਤਾਬਕ 5 ਨਵੰਬਰ ਨੂੰ ਸਵੇਰੇ ਮੁੱਖ ਮੰਤਰੀ ਸਹਿਜ ਪਾਠ ਆਰੰਭ ਕਰਵਾਉਣਗੇ। ਇਸ ਤੋਂ ਬਾਅਦ ਸਵੇਰੇ ਸਾਢੇ 11 ਤੋਂ ਸ਼ਾਮ ਛੇ ਵਜੇ ਤੱਕ ਕਵੀਸ਼ਰੀ ਜਥੇ ਕਥਾ ਤੇ ਵਿਚਾਰ ਕਰਨਗੇ। ਸ਼ਾਮ ਨੂੰ ਲਾਈਟ ਐਂਡ ਸਾਉਂਡ ਸ਼ੋਅ ਹੋਵੇਗਾ। 10 ਤਰੀਕ ਨੂੰ ਪੀਟੀਯੂ ਵਿਖੇ 550 ਪ੍ਰਮੁੱਖ ਸਖ਼ਸ਼ੀਅਤਾਂ ਦਾ ਸਨਮਾਨ ਹੋਵੇਗਾ। 12 ਨਵੰਬਰ ਨੂੰ ਸਹਿਜ ਪਾਠ ਦਾ ਭੋਗ ਪਾਇਆ ਜਾਵੇਗਾ। ਇਸ ਦੌਰਾਨ ਸਰਕਾਰ ਵੱਲੋਂ ਚੰਡੀਗੜ੍ਹ ਤੇ ਡੇਰਾ ਬਾਬਾ ਨਾਨਕ 'ਚ ਵੀ ਸਮਾਗਮ ਹੋਣਗੇ।