ਚੰਡੀਗੜ੍ਹ: ਪਿਛਲੇ ਹਫ਼ਤੇ ਹੋਏ ਨਾਭਾ ਡਕੈਤੀ ਮਾਮਲੇ ਵਿੱਚ ਪੁਲਿਸ ਨੇ ਸਾਬਕਾ ਪੰਜਾਬ ਪੁਲਿਸ ਇੰਸਪੈਕਟਰ ਦੇ ਪੁੱਤਰ ਅਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੰਗਰੂਰ ਦੇ ਰਹਿਣ ਵਾਲੇ 37 ਸਾਲਾ ਵਪਾਰੀ ਅਮਨਜੀਤ ਸਿੰਘ ਨੇ ਪਿਛਲੇ 12 ਸਾਲਾਂ ਦੌਰਾਨ ਛੇ ਜਣਿਆਂ ਦਾ ਕਤਲ ਕੀਤਾ ਹੈ। ਸੀਆਈਏ ਦੇ ਇੰਚਾਰਜ ਸ਼ਮਿੰਦਰ ਸਿੰਘ ਨੇ ਸਿਆ ਕਿ ਅਮਨਜੀਤ ਇੱਕ ਮਨੋਵਿਗਿਆਨਕ ਕਾਤਲ ਹੈ, ਜੋ ਖ਼ੁਸ਼ੀ ਦੀ ਪ੍ਰਾਪਤੀ ਲਈ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ।

ਐਸਐਸਪੀ ਮੁਤਾਬਕ ਉਸ ਨੇ ਸੱਤ ਹੋਰਾਂ ਨੂੰ ਜੀਵਨ ਭਰ ਲਈ ਅੰਗੋਂ ਨਕਾਰਾ ਕਰ ਦਿੱਤਾ ਤੇ 14 ਡਕੈਤੀਆਂ ਵਿੱਚ ਕੁੱਲ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਲੁੱਟਮਾਰ ਕੀਤੀ ਹੈ। ਪੁਲਿਸ ਨੂੰ ਉਸ ਦੀ ਪੁੱਛਗਿੱਛ ਤੋਂ 14 ਮਾਮਲਿਆਂ ਦੇ ਹੱਲ ਹੋਣ ਦੀ ਆਸ ਹੈ। ਸ਼ੁਰੂਆਤੀ ਜਾਂਚ ਵਿੱਚ ਅਮਨਜੀਤ ਨੇ ਤਿੰਨ ਡਕੈਤੀਆਂ ਕਰਨ ਦੀ ਗੱਲ ਮੰਨੀ। ਪਰ ਬਾਅਦ ਵਿੱਚ ਐਸਐਸਪੀ ਵੱਲੋਂ ਕੀਤੀ ਪੁੱਛਗਿੱਛ ਬਾਅਦ ਉਸ ਨੇ ਆਪਣੇ ਹੋਰ ਜੁਰਮ ਵੀ ਮੰਨ ਲਏ।

ਐਸਐਸਪੀ ਕੋਲ ਉਸ ਨੇ ਛੇ ਜਣਿਆਂ ਦੇ ਕਤਲ ਤੇ 7 ਨੂੰ ਅੰਗਹੀਣ ਕਰਨ ਦਾ ਜੁਰਮ ਕਬੂਲਿਆ। ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਨੇ ਇਸ ਉਸ ਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਪਿਛਲੇ ਸਮੇਂ ਜੇਲ੍ਹ ਵੀ ਹੋਈ ਸੀ ਪਰ ਉਸ ਦੌਰਾਨ ਉਹ ਆਪਣੇ ਅਪਰਾਧ ਛੁਪਾਉਣ ਵਿੱਚ ਕਾਮਯਾਬ ਰਿਹਾ। ਇਸ ਮਾਮਲੇ ਵਿੱਚ ਪੁਲਿਸ ਨੇ ਸੰਗਰੂਰ ਦੇ ਜਗਦੇਵ ਸਿੰਘ ਤਾਰੀ, ਗੁਰਮੇਲ ਸਿੰਘ ਜੋਕਰ ਤੇ ਮੇਜਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।